ਕੈਲਗਰੀ, 20 ਅਪਰੈਲ : ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ ਟਰੈਵਲ ਕਰਨ ਵਾਲਿਆਂ ਲਈ ਮਾਸਕ ਸਬੰਧੀ ਦਿਸ਼ਾ ਨਿਰਦੇਸ਼ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ।
ਉਨ੍ਹਾਂ ਆਖਿਆ ਕਿ ਭਾਵੇਂ ਅਮਰੀਕਾ ਦੀ ਇੱਕ ਅਦਾਲਤ (ਫਲੋਰਿਡਾ ਦੀ ਅਦਾਲਤ) ਵੱਲੋਂ ਮਾਸਕ ਸਬੰਧੀ ਨਿਯਮ ਖਤਮ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ ਪਰ ਅਸੀਂ ਹਾਲ ਦੀ ਘੜੀ ਅਜਿਹਾ ਨਹੀਂ ਕਰਾਂਗੇ। ਮੰਗਲਵਾਰ ਨੂੰ ਕੈਲਗਰੀ ਵਿੱਚ ਅਲਘਬਰਾ ਨੇ ਆਖਿਆ ਕਿ ਉਹ ਅਮਰੀਕਾ ਵਿੱਚ ਫਲੋਰਿਡਾ ਦੀ ਅਦਾਲਤ ਵੱਲੋਂ ਜਹਾਜ਼ਾਂ, ਰੇਲਗੱਡੀਆਂ, ਟੈਕਸੀਆਂ ਤੇ ਹੋਰਨਾਂ ਟਰੈਵਲ ਦੇ ਸਾਧਨਾਂ ਵਿੱਚ ਮਾਸਕ ਪਾਉਣ ਦੇ ਨਿਯਮ ਨੂੰ ਖ਼ਤਮ ਕਰਨ ਦੇ ਫੈਸਲੇ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ ਪਰ ਮਾਸਕ ਸਬੰਧੀ ਸਾਇੰਸ ਨੂੰ ਮੰਨਣਾ ਕੈਨੇਡਾ ਜਾਰੀ ਰੱਖੇਗਾ।
ਉਨ੍ਹਾਂ ਅੱਗੇ ਆਖਿਆ ਕਿ ਸਾਡੇ ਮਾਹਿਰਾਂ ਤੇ ਡਾਕਟਰਾਂ ਵੱਲੋਂ ਡਾਟਾ ਦੇ ਅਧਾਰ ਉੱਤੇ ਦਿੱਤੀ ਗਈ ਸਲਾਹ ਅਨੁਸਾਰ ਅਸੀਂ ਇਹ ਨਿਯਮ ਜਾਰੀ ਰੱਖਾਂਗੇ। ਇਹ ਸਿੱਧ ਹੋ ਚੁੱਕਿਆ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਾਸਕ ਅਹਿਮ ਭੂਮਿਕਾ ਅਦਾ ਕਰਦੇ ਹਨ। ਉਨ੍ਹਾਂ ਆਖਿਆ ਕਿ ਮਹਾਂਮਾਰੀ ਸਬੰਧੀ ਸਿਹਤ ਮਾਪਦੰਡਾਂ ਦੀ ਲਗਾਤਾਰ ਪੜਚੋਲ ਹੁੰਦੀ ਰਹਿੰਦੀ ਹੈ।