ਕੇਪ ਕੈਨਵਰਲ, 20 ਸਤੰਬਰ

ਸੈਰ-ਸਪਾਟੇ ਲਈ ਪੁਲਾੜ ’ਚ ਗਏ ਚਾਰ ਯਾਤਰੀ ਸੁਰੱਖਿਅਤ ਆਪਣਾ ਸਫ਼ਰ ਮੁਕੰਮਲ ਕਰ ਕੇ ਫਲੋਰਿਡਾ ਦੇ ਤੱਟ ਨੇੜੇ ਅਟਲਾਂਟਿਕ ਮਹਾਸਾਗਰ ਵਿਚ ਉਤਰ ਆਏ। ਇਨ੍ਹਾਂ  ‘ਸਪੇਸ ਐਕਸ’ ਦੇ ਪੁਲਾੜ ਜਹਾਜ਼ ਰਾਹੀਂ ਉਡਾਣ ਭਰੀ ਸੀ ਤੇ ਕੈਪਸੂਲ ਤੋਂ ਪੈਰਾਸ਼ੂਟ ਰਾਹੀਂ ਇਹ ਸਾਗਰ ਵਿਚ ਉਤਰੇ। ਤਿੰਨ ਦਿਨ ਪਹਿਲਾਂ ਉਨ੍ਹਾਂ ਚਾਰਟਰਡ ਜਹਾਜ਼ ਵਿਚ ਪੁਲਾੜ ਵੱਲ ਉਡਾਣ ਭਰੀ ਸੀ। ਇਹ ਪਹਿਲੇ ਯਾਤਰੀ ਹਨ ਜੋ ਬਿਨਾਂ ਕਿਸੇ ਪੇਸ਼ੇਵਰ ਪੁਲਾੜ ਯਾਤਰੀ ਦੇ ਧਰਤੀ ਦੁਆਲੇ ਗੇੜਾ ਲਾ ਕੇ ਪਰਤੇ ਹਨ। ਇਕ ਅਰਬਪਤੀ ਨੇ ਇਸ ਸੈਰ-ਸਪਾਟਾ ਉਡਾਣ ਲਈ ਲੱਖਾਂ ਡਾਲਰ ਅਦਾ ਕੀਤੇ ਹਨ ਪਰ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ। ਉਹ ਤਿੰਨ ਮਹਿਮਾਨਾਂ ਨੂੰ ਨਾਲ ਲੈ ਕੇ ਗਿਆ ਤਾਂ ਕਿ ਦੁਨੀਆ ਨੂੰ ਦਿਖਾਇਆ ਜਾ ਸਕੇ ਕਿ ਆਮ ਲੋਕ ਵੀ ਆਪਣੇ ਦਮ ਉਤੇ ਪੁਲਾੜ ਦੀ ਸੈਰ ਕਰ ਸਕਦੇ ਹਨ। 

ਐਲਨ ਮਸਕ ਦੀ ਕੰਪਨੀ ‘ਸਪੇਸ ਐਕਸ’ ਨੇ ਸੈਲਾਨੀਆਂ ਦੀ ਇਹ ਪਹਿਲੀ ਰਾਕੇਟ ਨਾਲ ਲੈਸ ਉਡਾਣ ਪੁਲਾੜ ਵੱਲ ਭੇਜੀ ਸੀ। ਇਸ ਉਡਾਣ ਨੂੰ ਸਪਾਂਸਰ ਕਰਨ ਵਾਲੇ ਜੇਰਡ ਇਸਾਕਮੈਨ ਨੇ ਕਿਹਾ ਕਿ ਇਹ ਬਹੁਤ ਸ਼ਾਨਦਾਰ ਅਨੁਭਵ ਸੀ। ਸਪੇਸ ਐਕਸ ਦਾ ਪੂਰੀ ਤਰ੍ਹਾਂ ਆਟੋਮੈਟਿਕ ਡਰੈਗਨ ਕੈਪਸੂਲ ਬੁੱਧਵਾਰ ਉਡਾਣ ਭਰਨ ਮਗਰੋਂ 585 ਕਿਲੋਮੀਟਰ ਦੀ ਉਚਾਈ ਉਤੇ ਚਲਾ ਗਿਆ ਸੀ। ਇਹ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਵੀ 160 ਕਿਲੋਮੀਟਰ ਅੱਗੇ ਚਲਾ ਗਿਆ। ਯਾਤਰੀਆਂ ਨੇ ਕੈਪਸੂਲ ਦੀ ਤਾਕੀ ਵਿਚੋਂ ਗੋਲ ਧਰਤੀ ਦੇ ਨਜ਼ਾਰੇ ਦੇਖੇ।