ਮੈਡਰਿਡ/ਨਵੀਂ ਦਿੱਲੀ, 28 ਜਨਵਰੀ

ਸਪੇਨ ਦੀ ਰਾਜਧਾਨੀ ਮੈਡਰਿਡ ਦੇ ਸਭ ਤੋਂ ਵੱਕਾਰੀ ਹੋਟਲਾਂ ਵਿੱਚੋਂ ਇੱਕ ਹਿਲਟਨ ਹੋਟਲ ਵਿੱਚ ਲੁਟੇਰਿਆਂ ਵੱਲੋਂ ਕਥਿਤ ਤੌਰ ’ਤੇ ਸਾਰਾ ਸਾਮਾਨ ਖੋਹਣ ਕਾਰਨ ਭਾਰਤੀ ਔਰਤ ਬਿਨਾਂ ਪਾਸਪੋਰਟ ਦੇ ਵਿਦੇਸ਼ ਵਿੱਚ ਫਸ ਗਈ। ਪੀੜਤਾ ਦੀ ਪਛਾਣ ਜਸਮੀਤ ਕੌਰ (49) ਵਾਸੀ ਨੋਇਡਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਮੈਡਰਿਡ ਵਿਖੇ ਕਾਰੋਬਾਰੀ ਯਾਤਰਾ ‘ਤੇ ਸੀ, ਜਿੱਥੇ ਲੁਟੇਰਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਵੀਡੀਓ ਸੰਦੇਸ਼ ਵਿੱਚ ਉਸਨੇ ਆਪਣੀ ਹਾਲਤ ਬਿਆਨ ਕੀਤੀ। ਉਸ ਨੇ ਦੋਸ਼ ਲਗਾਇਆ, ‘ਇਸ ਦੁੱਖ ਦੀ ਘੜੀ ਵਿੱਚ ਕੋਈ ਵੀ ਮੇਰੀ ਮਦਦ ਨਹੀਂ ਕਰ ਰਿਹਾ। ਮੈਂ ਆਪਣੀਆਂ ਸ਼ਿਕਾਇਤਾਂ ਪੋਸਟ ਕਰਨ ਲਈ ਇਧਰ ਉਧਰ ਭੱਜ ਰਹੀ ਹਾਂ ਪਰ ਅਧਿਕਾਰੀ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਸਪੇਨ ਵਿੱਚ ਭਾਰਤੀ ਦੂਤਾਵਾਸ ਕਈ ਦਿਨਾਂ ਤੋਂ ਮੇਰੀਆਂ ਸ਼ਿਕਾਇਤਾਂ ਨੂੰ ਲੈ ਕੇ ਬੈਠਾ ਹੈ। ਮੈਨੂੰ ਨਹੀਂ ਪਤਾ ਕਿ ਹੁਣ ਮੈਂ ਕੀ ਕਰਾਂ।’ ਉਸ ਨੇ ਕਿਹਾ ਕਿ ਮੈਡਰਿਡ ਦੇ ਨਜ਼ਦੀਕੀ ਪੁਲੀਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਨ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਲੁਟੇਰਿਆਂ ਨੇ ਹੋਟਲ ’ਚ ਮੈਨੂੰ ਧੱਕਾ ਮਾਰਿਆ ਤੇ ਮੇਰਾ ਬੈਗ ਲੈ ਗਏ। ਹੋਟਲ ਅਧਿਕਾਰੀ ਮੇਰੀ ਮਦਦ ਨਹੀਂ ਕਰ ਰਹੇ ਹਨ।