ਵਿਸ਼ਾਖਾਪਟਨਮ, 20 ਮਾਰਚ

ਆਸਟਰੇਲੀਆ ਨੇ ਅੱਜ ਇੱਥੇ ਦੂਜੇ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਭਾਰਤੀ ਸਟਾਰ ਬੱਲੇਬਾਜ਼ ਆਸਟਰੇਲਿਆਈ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਤੇਜ਼ਧਾਰ ਗੇਂਦਬਾਜ਼ੀ ਅੱਗੇ ਟਿਕ ਕੇ ਨਹੀਂ ਖੇਡ ਸਕੇ ਅਤੇ ਪੂਰੀ ਟੀਮ 26 ਓਵਰਾਂ ਵਿੱਚ 117 ਦੌੜਾਂ ’ਤੇ ਆਊਟ ਹੋ ਗਈ। 

ਸਟਾਰਕ ਨੇ 53 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉੱਤਰੇ ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ਾਂ ਟਰੈਵਿਸ ਹੈੱਡ ਅਤੇ ਮਿਸ਼ੇਲ ਮਾਰਸ਼ ਦੇ ਨਾਬਾਦ ਅਰਧ ਸੈਂਕੜਿਆਂ ਦੀ ਮਦਦ ਨਾਲ 118 ਦੌੜਾਂ ਦਾ ਟੀਚਾ ਸਿਰਫ਼ 11 ਓਵਰਾਂ ਵਿੱਚ ਹੀ ਪੂਰਾ ਕਰ ਲਿਆ। 50 ਓਵਰਾਂ ਦੇ ਮੈਚ ਵਿੱਚ ਆਸਟਰੇਲਿਆਈ ਬੱਲੇਬਾਜ਼ਾਂ ਨੇ ਸਿਰਫ਼ 66 ਗੇਂਦਾਂ ਦਾ ਹੀ ਸਾਹਮਣਾ ਕੀਤਾ। ਮਹਿਮਾਨ ਟੀਮ ਵੱਲੋਂ ਟਰੈਵਿਸ ਹੈੱਡ ਨੇ 51 ਅਤੇ ਮਿਸ਼ੇਲ ਮਾਰਸ਼ ਨੇ 66 ਦੌੜਾਂ ਬਣਾਈਆਂ। ਦੋਵੇਂ ਸਲਾਮੀ ਬੱਲੇਬਾਜ਼ ਜਿੱਤ ਤੱਕ ਮੈਦਾਨ ’ਤੇ ਡਟੇ ਰਹੇ। ਇਸ ਜਿੱਤ ਨਾਲ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-1 ਨਾਲ ਬਰਾਬਰੀ ਕਰ ਲਈ ਹੈ। ਪਹਿਲਾ ਮੈਚ ਭਾਰਤ ਨੇ ਪੰਜ ਵਿਕਟਾਂ ਨਾਲ ਜਿੱਤਿਆ ਸੀ। ਹੁਣ ਤੀਸਰਾ ਤੇ ਫ਼ੈਸਲਾਕੁਨ ਮੈਚ 22 ਮਾਰਚ ਨੂੰ ਚੇਨੱਈ ਵਿੱਚ ਖੇਡਿਆ ਜਾਵੇਗਾ।  

ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਆਸਟਰੇਲਿਆਈ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਏ। ਭਾਰਤ ਦਾ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਤੇ ਸੂਰਿਆ ਕੁਮਾਰ ਯਾਦਵ ਦੌੜ ਦਾ ਖਾਤਾ ਵੀ ਨਹੀਂ ਖੋਲ੍ਹ ਸਕੇ। ਸਿਰਫ਼ ਚਾਰ ਬੱਲੇਬਾਜ਼ ਹੀ ਦਹਾਈ ਦੇ ਅੰਕੜਾ ਛੂਹ ਸਕੇ। ਭਾਰਤ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ ਜਦਕਿ ਅਕਸ਼ਰ ਪਟੇਲ ਨੇ 24, ਰਵਿੰਦਰ ਜਡੇਜਾ ਨੇ 16 ਅਤੇ ਕਪਤਾਨ ਰੋਹਿਤ ਸ਼ਰਮਾ ਨੇ 13 ਦੌੜਾਂ ਦਾ ਯੋਗਦਾਨ ਪਾਇਆ। ਸ਼ੁਭਮਨ, ਸੂਰਿਆਕੁਮਾਰ ਤੋਂ ਇਲਾਵਾ ਮੁਹੰਮਦ ਸ਼ੰਮੀ ਅਤੇ ਮੁਹੰਮਦ ਸਿਰਾਜ ਵੀ ਬਿਨਾਂ ਕੋਈ ਦੌੜ ਬਣਾਏ ਪੈਵੇਲੀਅਨ ਪਰਤ ਗਏ। ਆਸਟਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ ਸਭ ਤੋਂ ਵੱਧ ਪੰਜ ਵਿਕਟਾਂ ਹਾਸਲ ਕੀਤੀਆਂ ਜਦਕਿ ਸੀਨ ਐਬਟ ਨੂੰ ਤਿੰਨ ਅਤੇ ਨਾਥਨ ਐਲਿਸ ਨੂੰ ਦੋ ਵਿਕਟਾਂ ਮਿਲੀਆਂ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਮਾਰਸ਼ ਤੇ ਹੈੱਡ ਨੇ ਤੇਜ਼ਤਰਾਰ ਬੱਲੇਬਾਜ਼ੀ ਕਰ ਕੇ 11 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ।  

ਭਾਰਤ ਦਾ ਇੱਕ ਰੋਜ਼ਾ ਵਿੱਚ ਆਸਟਰੇਲੀਆ ਖ਼ਿਲਾਫ਼ ਆਪਣੀ ਹੀ ਧਰਤੀ ’ਤੇ ਇਹ ਚੌਥਾ ਅਤੇ ਓਵਰਆਲ ਤੀਸਰਾ ਸਭ ਤੋਂ ਘੱਟ ਸਕੋਰ ਦਾ  ਰਿਕਾਰਡ ਹੈ। ਇੱਕ ਰੋਜ਼ਾ ਵਿੱਚ ਆਸਟਰੇਲੀਆ ਦੀ ਭਾਰਤ ’ਤੇ ਦਸ ਵਿਕਟਾਂ ਨਾਲ ਇਹ ਦੂਜੀ ਜਿੱਤ ਹੈ। ਇਸ ਨਮੋਸ਼ੀਜਨਕ ਹਾਰ ਨਾਲ ਭਾਰਤ ਦੀਆਂ ਵਿਸ਼ਵ ਕੱਪ ਦੀਆਂ ਤਿਆਰੀਆਂ ’ਤੇ ਸ਼ੰਕੇ ਖੜ੍ਹੇ ਹੋ ਗਏ ਹਨ।