ਅੰਮ੍ਰਿਤਸਰ, ਦੇਸ਼ ਭਰ ਵਿੱਚ ਲਾਗੂ ਹੋਈ ਨਵੀਂ ਕਰ ਪ੍ਰਣਾਲੀ ਜੀਐਸਟੀ ਦੇ ਘੇਰੇ ਵਿੱਚ ਆਈ ਸਿੱਖ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਨੇ ਜੀਐਸਟੀ ਵਾਸਤੇ ਲੋੜੀਂਦਾ ਨੰਬਰ ਲੈਣ ਅਤੇ ਸੰਸਥਾ ਨੂੰ ਟੈਕਸ ਲਈ ਰਜਿਸਟਰਡ ਕਰਾਉਣ ਵਾਸਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਨਵੇਂ ਟੈਕਸ ਤਹਿਤ ਹੁਣ ਗੁਰਦੁਆਰਿਆਂ ਵਿੱਚ ਕੜਾਹ ਪ੍ਰਸ਼ਾਦਿ ਚੜ੍ਹਾਉਣ ਵਾਲੇ ਸ਼ਰਧਾਲੂਆਂ ਨੂੰ ਇਹ ਟੈਕਸ ਵੀ ਦੇਣਾ ਪਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਨਵੇਂ ਕਰ ਤੋਂ ਛੋਟ ਵਾਸਤੇ ਭਾਵੇਂ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਨੂੰ ਪੱਤਰ ਭੇਜੇ ਗਏ ਹਨ ਪਰ ਹੁਣ ਤੱਕ ਦੋਵੇਂ ਪਾਸਿਆਂ ਤੋਂ ਕੋਈ ਹੁੰਗਾਰਾ ਨਹੀਂ ਮਿਲਿਆ ਹੈ। ਇਸ ਕਾਰਨ ਸ਼੍ਰੋਮਣੀ ਕਮੇਟੀ ਨੇ ਇਸ ਨਵੀਂ ਕਰ ਪ੍ਰਣਾਲੀ ਨੂੰ ਲਾਗੂ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਜੀਐਸਟੀ ਨੰਬਰ ਲੈਣਾ ਜ਼ਰੂਰੀ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਜੀਐਸਟੀ ਲਾਗੂ ਕਰਨ ਵਾਸਤੇ ਇਸ ਲਈ ਲੋੜੀਂਦਾ ਨੰਬਰ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜੀਐਸਟੀ ਤੋਂ ਛੋਟ ਨਹੀਂ ਦਿੱਤੀ ਜਾਂਦੀ ਇੱਕ ਜੁਲਾਈ ਤੋਂ ਬਾਅਦ ਸੰਗਤ ਨੂੰ ਦਿੱਤੇ ਗਏ ਕੜਾਹ ਪ੍ਰਸ਼ਾਦਿ ਤੇ ਪਿੰਨੀ ਪ੍ਰਸ਼ਾਦਿ ਦੀ ਕੁੱਲ ਰਕਮ ’ਤੇ ਬਣਦਾ ਟੈਕਸ ਸਰਕਾਰ ਨੂੰ ਅਦਾ ਕਰ ਦਿੱਤਾ ਜਾਵੇਗਾ।  ਇਸ ’ਤੇ ਲਗਭਗ 18 ਫੀਸਦ ਟੈਕਸ ਲਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਹੁਣ ਤੱਕ ਸੰਗਤ ਕੋਲੋਂ ਇਹ ਟੈਕਸ ਵਸੂਲ ਨਹੀਂ ਕੀਤਾ ਜਾ ਰਿਹਾ ਹੈ ਪਰ ਲੋਡ਼ ਪੈਣ ’ਤੇ ਸ਼੍ਰੋਮਣੀ ਕਮੇਟੀ ਇਸ ਟੈਕਸ ਦਾ ਭੁਗਤਾਨ ਕਰ ਦੇਵੇਗੀ। ਇਸੇ ਤਰ੍ਹਾਂ ਸਰਾਵਾਂ ਵਿੱਚ ਕਮਰੇ ਸ਼ਰਧਾਲੂਆਂ ਨੂੰ ਕਿਰਾਏ ’ਤੇ ਦੇਣ ’ਤੇ ਵੀ ਟੈਕਸ ਲੱਗੇਗਾ। ਸਿਰੋਪੇ ਦੀ ਕੀਮਤ ਵੀ ਵੱਧ ਜਾਵੇਗੀ ਅਤੇ ਧਰਮ ਪ੍ਰਚਾਰ ਦੀਆਂ ਕਿਤਾਬਾਂ ਤੇ ਹੋਰ ਸਮਗਰੀ ਵਾਸਤੇ ਵਰਤੇ ਜਾਂਦੇ ਕਾਗਜ਼ ’ਤੇ ਵੀ ਟੈਕਸ ਦੇਣਾ ਪਵੇਗਾ।