ਅੰਮ੍ਰਿਤਸਰ, 23 ਨਵੰਬਰ

ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਅੱਜ ਸਿੱਖ ਸੰਸਥਾ ਦਾ ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ, ਬੰਦੀ ਸਿੱਖਾਂ ਦੀ ਰਿਹਾਈ ਲਈ ਪਹਿਲੀ ਦਸੰਬਰ ਤੋਂ ਦੇਸ਼ ਪੱਧਰੀ ਦਸਤਖਤੀ ਮੁਹਿੰਮ ਸ਼ੁਰੂ ਕਰਨ, ਸ਼੍ਰੋਮਣੀ ਕਮੇਟੀ ਦੇ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ਵਿੱਚ ਸਿਰੋਪੇ ਦੀ ਬੇਲੋੜੀ ਵਰਤੋਂ ਨੂੰ ਰੋਕਣ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਅੰਤਰਿੰਗ ਕਮੇਟੀ ਨੇ ਸ਼੍ਰੋਮਣੀ ਕਮੇਟੀ ਵਿਚ ਅਗਲੇ 6 ਮਹੀਨਿਆਂ ਲਈ ਭਰਤੀ ’ਤੇ ਮੁਕੰਮਲ ਰੋਕ ਲਗਾਉਣ ਦਾ ਫੈਸਲਾ ਲਿਆ ਹੈ। ਪ੍ਰਧਾਨ ਨੇ ਕਿਹਾ ਕਿ ਕੇਵਲ ਵੱਡੇ ਜੋੜ ਮੇਲਿਆਂ ਮੌਕੇ ਲੋੜ ਅਨੁਸਾਰ ਆਰਜ਼ੀ ਲੇਬਰ ਹੀ ਲਗਾਈ ਜਾ ਸਕੇਗੀ।

ਅੰਤਰਿੰਗ ਕਮੇਟੀ ਦੀ ਮੀਟਿੰਗ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਮੀਟਿੰਗ ਵਿੱਚ ਕੀਤੇ ਗਏ ਫੈਸਲਿਆਂ ਦੇ ਵੇਰਵੇ ਨਸ਼ਰ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਕਾਰਜਾਂ ਨੂੰ ਨਿਯਮਤ ਰੂਪ ਵਿਚ ਸੰਗਤ ਤੱਕ ਲਿਜਾਣ ਲਈ 24 ਘੰਟੇ ਦੀਆਂ ਸੇਵਾਵਾਂ ਵਾਲਾ ਯੂ-ਟਿਊਬ ਚੈਨਲ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਗੁਰਬਾਣੀ ਦੇ ਸਿੱਧੇ ਪ੍ਰਸਾਰਨ ਵਾਲਾ ਚੈਨਲ ਸ਼ੁਰੂ ਕਰਨ ਬਾਰੇ ਵੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦੇਸ਼ਵਿਆਪੀ ਦਸਤਖ਼ਤੀ ਮੁਹਿੰਮ ਦੀ ਰੂਪ-ਰੇਖਾ ਉਲੀਕੀ ਗਈ ਹੈ, ਜਿਸ ਤਹਿਤ 1 ਦਸੰਬਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਗਰਮ ਮੁਹਿੰਮ ਅੱਗੇ ਵਧਾਈ ਜਾਵੇਗੀ। ਬੰਦੀ ਸਿੰਘਾਂ ਦੇ ਕੇਸਾਂ ਅਤੇ ਭੁਗਤੀਆਂ ਸਜ਼ਾਵਾਂ ਬਾਰੇ ਸੰਗਤ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪ੍ਰੋਫਾਰਮੇ ਭਰਵਾਏ ਜਾਣਗੇ। ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨਾਂ ਅਤੇ ਗੁਰਦੁਆਰਾ ਕਮੇਟੀਆਂ ਰਾਹੀਂ ਵੱਖ-ਵੱਖ ਸੂਬਿਆਂ ਤੱਕ ਪਹੁੰਚ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਕੇਂਦਰ ਸ਼੍ਰੋਮਣੀ ਕਮੇਟੀ ਦਫ਼ਤਰ ਹੋਵੇਗਾ, ਜਦਕਿ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪੰਜਾਬ ਤੋਂ ਬਾਹਰ ਸਿੱਖ ਮਿਸ਼ਨਾਂ ਵਿਖੇ ਸਬ-ਕੇਂਦਰ ਸਥਾਪਤ ਕੀਤੇ ਜਾਣਗੇ। ਖ਼ਾਸਕਰ ਪੰਜਾਬ ਅੰਦਰ ਗੁਰਦੁਆਰਿਆਂ, ਵਿਦਿਅਕ ਅਦਾਰਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਸ਼ਹਿਰਾਂ-ਕਸਬਿਆਂ ਦੇ ਅਹਿਮ ਚੌਰਾਹਿਆਂ ’ਤੇ ਕੈਂਪ ਲਗਾ ਕੇ ਪ੍ਰੋਫਾਰਮੇ ਭਰਵਾਏ ਜਾਣਗੇ। ਪ੍ਰੋਫਾਰਮੇ ਭਰਵਾਉਣ ਦਾ ਕੰਮ ਮੁਕੰਮਲ ਕਰਨ ਬਾਅਦ ਚੰਡੀਗੜ੍ਹ ਵਿਖੇ ਸਮੁੱਚੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਇਕ ਦਿਨਾ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਸਾਰੇ ਪ੍ਰੋਫਾਰਮੇ ਰਾਜਪਾਲ ਪੰਜਾਬ ਨੂੰ ਸੌਂਪੇ ਜਾਣਗੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਬੀਤੇ ’ਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਮਨਾਉਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ, ਜਿਸ ਨੂੰ ਲੈ ਕੇ ਅੱਜ ਮੁੜ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਹ ਫੈਸਲਾ ਲਾਗੂ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਿੱਖ ਇਤਿਹਾਸ ਦਾ ਅਹਿਮ ਪੰਨਾ ਹੈ, ਜਿਸ ਨੂੰ ਸਿੱਖ ਵਿਰਸੇ ਅਤੇ ਗੁਰਮਤਿ ਦੀ ਭਾਵਨਾ ਅਨੁਸਾਰ ਹੀ ਮਨਾਇਆ ਜਾਣਾ ਚਾਹੀਦਾ ਹੈ। ਇਸ ਲਈ ਭਾਰਤ ਸਰਕਾਰ ਇਸ ਦਿਹਾੜੇ ਦਾ ਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕੀਤੀ ਕਮੇਟੀ ਦੇ ਸੁਝਾਅ ਅਨੁਸਾਰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਮਨਾਉਣ ਦਾ ਐਲਾਨ ਕਰੇ।

ਅੰਤਰਿਗ ਕਮੇਟੀ ਵਿਚ ਸਿਰੋਪੇ ਦੀ ਸੁਚੱਜੀ ਵਰਤੋਂ ਲਈ ਵੀ ਨਿਯਮ ਨਿਰਧਾਰਤ ਕੀਤੇ ਗਏ ਹਨ। ਹੁਣ ਹਰ ਵਿਦਿਅਕ ਅਦਾਰੇ ਅੰਦਰ ਸਿਰੋਪਾਓ, ਲੋਈ ਅਤੇ ਸਨਮਾਨ ਚਿੰਨ੍ਹ ਦੀ ਥਾਂ ਕੇਵਲ ਪੁਸਤਕਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਗੁਰਦੁਆਰਿਆਂ ਵਿਚ ਵੀ ਸਿਰੋਪੇ ਦੀ ਵਰਤੋਂ ਵਿਚ ਸੰਕੋਚ ਕਰਦਿਆਂ ਗੁਰਮਤਿ ਭਾਵਨਾਵਾਂ ਅਨੁਸਾਰ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਕੇਵਲ ਪੰਥਕ ਕਾਰਜਾਂ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਸਿਰੋਪਾਓ ਦਿੱਤਾ ਜਾਵੇਗਾ, ਜਦਕਿ ਬਾਕੀ ਸਤਿਕਾਰਤ ਸ਼ਖ਼ਸੀਅਤਾਂ ਨੂੰ ਪੁਸਤਕਾਂ ਭੇਟ ਕੀਤੀਆਂ ਜਾਣਗੀਆਂ।