ਲਾਹੌਰ, 12 ਸਤੰਬਰ

ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਛੋਟੇ ਪੁੱਤਰ ਸੁਲੇਮਾਨ ਸ਼ਾਹਬਾਜ਼ ਦੇ 13 ਬੈਂਕ ਖਾਤਿਆਂ ਵਿਚੋਂ ਲੈਣ-ਦੇਣ ਉਤੇ ਰੋਕ ਲਾ ਦਿੱਤੀ ਹੈ। ਇਹ ਕਾਰਵਾਈ ਅਰਬਾਂ ਡਾਲਰ ਦੇ ਮਨੀ ਲਾਂਡਰਿੰਗ ਕੇਸ ਵਿਚ ਕੀਤੀ ਗਈ ਹੈ। ਇਹ ਹੁਕਮ ਕੌਮੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ।
ਜਾਂਚ ਅਧਿਕਾਰੀ ਨੇ ਅਦਾਲਤ ਨੂੰ ਵੱਖ-ਵੱਖ ਕੰਪਨੀਆਂ ਦੇ 13 ਬੈਂਕ ਖਾਤਿਆਂ ਦੀ ਜਾਣਕਾਰੀ ਦਿੱਤੀ ਸੀ ਜੋ ਕਿ ਸੁਲੇਮਾਨ ਨਾਲ ਸਬੰਧਤ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਤੇ ਉਨ੍ਹਾਂ ਦੇ ਪੁੱਤਰਾਂ- ਹਮਜ਼ਾ ਸ਼ਾਹਬਾਜ਼ (ਸਾਬਕਾ ਮੁੱਖ ਮੰਤਰੀ) ਤੇ ਸੁਲੇਮਾਨ ਉਤੇ ਜਾਂਚ ਏਜੰਸੀ ਨੇ ਕਥਿਤ 14 ਅਰਬ ਰੁਪਏ ਦੇ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਦੋਸ਼ ਲਾਇਆ ਹੈ। ਸੁਲੇਮਾਨ 2019 ਤੋਂ ਭਗੌੜਾ ਹੈ ਤੇ ਯੂਕੇ ਵਿਚ ਹੈ। ਸ਼ਾਹਬਾਜ਼ ਕਈ ਵਾਰ ਕਹਿ ਚੁੱਕੇ ਹਨ ਤੇ ਸੁਲੇਮਾਨ ਉੱਥੇ ਪਰਿਵਾਰ ਦੇ ਕਾਰੋਬਾਰ ਨੂੰ ਦੇਖਦਾ ਹੈ। ਆਪਣੇ ਹੁਕਮ ਵਿਚ ਜੱਜ ਨੇ ਕਿਹਾ ਕਿ ਸੁਲੇਮਾਨ ਭਗੌੜਾ ਹੈ ਤੇ ਹਾਲੇ ਤੱਕ ਅਦਾਲਤ ਅੱਗੇ ਸਮਰਪਣ ਨਹੀਂ ਕੀਤਾ। ਇਸ ਲਈ ਚਲ-ਅਚਲ ਸੰਪਤੀ ਦੇ ਨਾਲ-ਨਾਲ ਉਸ ਦੇ ਬੈਂਕਾਂ ਨਾਲ ਲੈਣ-ਦੇਣ ਉਤੇ ਰੋਕ ਲਾ ਦਿੱਤੀ ਜਾਵੇ।