ਯੇਸ਼ਿਓਨ (ਦੱਖਣੀ ਕੋਰੀਆ), 6 ਜੂਨ

ਭਾਰਤ ਦੇ ਸ਼ਾਟ ਪੁਟਰ (ਗੋਲਾ ਸੁਟਾਵਾ) ਸਿਧਾਰਥ ਚੌਧਰੀ ਨੇ ਏਸ਼ੀਅਨ ਅੰਡਰ-20 ਅਥਲੈਟਿਕ ਚੈਂਪੀਅਨਸ਼ਿਪ ਵਿੱਚ 19.52 ਮੀਟਰ ਦੀ ਆਪਣੇ ਵਿਅਕਤੀਗਤ ਬੈਸਟ ਥ੍ਰੋਅ ਨਾਲ ਦੇਸ਼ ਲਈ ਤੀਜਾ ਸੋਨ ਤਗ਼ਮਾ ਜਿੱਤਿਆ ਹੈ। ਚੌਧਰੀ (17) ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ ਇਹ ਮਾਅਰਕਾ ਮਾਰਿਆ। ਇਸ ਤੋਂ ਪਹਿਲਾਂ ਜੂਨੀਅਰ ਲੈਵਲ ’ਤੇ ਉਸ ਦਾ ਬੈਸਟ ਸਕੋਰ 19.11 ਮੀਟਰ ਸੀ। ਕਤਰ ਦਾ ਜਿਬਰੀਨ ਆਦੋਮ ਅਹਿਮਦ (18.85 ਮੀਟਰ) ਤੇ ਦੱਖਣੀ ਕੋਰੀਆ ਦਾ ਪਾਰਕ ਸਿਹੂਨ (18.70 ਮੀਟਰ) ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਮੁਕਾਬਲੇ ਦੇ ਦੂਜੇ ਦਿਨ ਭਾਰਤ ਨੇ ਛੇ ਤਗ਼ਮੇ ਜਿੱਤੇ। ਭਾਰਤ 3 ਸੋਨ, 3 ਚਾਂਦੀ ਤੇ 3 ਕਾਂਸੇ ਦੇ ਤਗ਼ਮਿਆਂ ਨਾਲ ਜਪਾਨ ਮਗਰੋਂ ਦੂਜੇ ਸਥਾਨ ’ਤੇ ਹੈ। ਚੀਨ 5 ਸੋਨ, 3 ਚਾਂਦੀ ਤੇ 2 ਕਾਂਸੇ ਦੇ ਤਗ਼ਮਿਆਂ ਨਾਲ ਅੱਵਲ ਨੰਬਰ ਹੈ। ਜੈਵਲਿਨ ਥ੍ਰੋਅਰ ਸ਼ਿਵਮ ਲੋਹਾਕਰੇ (72.34 ਮੀਟਰ), ਪੁਰਸ਼ਾਂ ਦੇ 3000 ਮੀਟਰ ਸਟਿਪਲਚੇਜ਼ਰ ਸ਼ਾਹਰੁਖ਼ ਖ਼ਾਨ (8:51.74ਸਕਿੰਟ) ਤੇ ਲੰਮੀ ਛਾਲ ਵਿੱਚ ਸੁਸ਼ਮਿਤਾ (5.96 ਮੀਟਰ) ਨੇ ਚਾਂਦੀ ਦੇ ਤਗ਼ਮੇ ਜਿੱਤੇ। ਰਿਜ਼ੋਆਨਾ ਮਲਿਕ ਹੀਨਾ, ਦੀਪਕ ਸਿੰਘ, ਅਨੁਸ਼ਕਾ ਦੱਤਾਤ੍ਰੇਅ ਤੇ ਨਵਪ੍ਰੀਤ ਸਿੰਘ ਦੀ 4×400 ਰਿਲੇਅ ਟੀਮ ਅਤੇ 800 ਮੀਟਰ ਦੌੜਾਕ ਸ਼ਕੀਲ (1:49.79ਸਕਿੰਟ) ਨੇ ਕਾਂਸੇ ਦੇ ਤਗ਼ਮੇ ਜਿੱਤੇ। ਮਹਿਲਾਵਾਂ ਦੀ 400 ਮੀਟਰ ਦੌੜ ਤੇ ਪੁਰਸ਼ਾਂ ਦੇ ਡਿਸਕਸ ਥ੍ਰੋਅ ਮੁਕਾਬਲਿਆਂ ਵਿੱਚ ਕ੍ਰਮਵਾਰ ਹੀਨਾ ਤੇ ਭਾਰਤਪ੍ਰੀਤ ਸਿੰਘ ਨੇ ਐਤਵਾਰ ਨੂੰ ਸੋਨ ਤਗ਼ਮੇ ਜਿੱਤੇ ਸਨ।