ਇਕਬਾਲ ਸਿੰਘ ਹਮਜਾਪੁਰ

ਬੱਚਿਓ! ਜੰਗਲ ਵਿਚ ਇਕ ਹਾਥੀ ਰਹਿੰਦਾ ਸੀ। ਜਿੱਥੇ ਹਾਥੀ ਰਹਿੰਦਾ ਸੀ, ਉੱਥੇ ਇਕ ਚੂਹਾ ਵੀ ਰਹਿੰਦਾ ਸੀ। ਚੂਹਾ ਬਹੁਤ ਸ਼ਰਾਰਤੀ ਸੀ। ਚੂਹਾ ਨਿੱਕਾ-ਵੱਡਾ ਨਹੀਂ ਵੇਖਦਾ ਸੀ। ਉਹ ਜੰਗਲ ਦੇ ਸਾਰੇ ਦੂਸਰੇ ਜਾਨਵਰਾਂ ਨਾਲ ਸ਼ਰਾਰਤਾਂ ਕਰਦਾ ਰਹਿੰਦਾ ਸੀ। ਚੂਹਾ ਹਾਥੀ ਦਾ ਵੀ ਲਿਹਾਜ ਨਹੀਂ ਕਰਦਾ ਸੀ। ਉਹ ਹਾਥੀ ਨਾਲ ਵੀ ਸ਼ਰਾਰਤਾਂ ਕਰਦਾ ਰਹਿੰਦਾ ਸੀ। ਚੂਹਾ ਸੁੱਤੇ ਪਏ ਹਾਥੀ ਦੇ ਉੱਪਰ ਚੜ੍ਹ ਕੇ ਨੱਚਣ ਲੱਗ ਪੈਂਦਾ ਤੇ ਹਾਥੀ ਦੀ ਨੀਂਦ ਖਰਾਬ ਹੋ ਜਾਂਦੀ। ਹਾਥੀ, ਚੂਹੇ ਨੂੰ ਵਾਰ ਵਾਰ ਸਮਝਾਉਂਦਾ। ਹਾਥੀ ਉਸ ਨੂੰ ਸ਼ਰਾਰਤਾਂ ਤੋਂ ਬਾਜ਼ ਆ ਜਾਣ ਲਈ ਆਖਦਾ, ਪਰ ਚੂਹਾ ਬਹੁਤ ਢੀਠ ਸੀ। ਚੂਹਾ, ਹਾਥੀ ਦੀ ਇਕ ਨਾ ਸੁਣਦਾ। ਚੂਹੇ ਦੀ ਇਸ ਮਨਮਾਨੀ ਦਾ ਕਾਰਨ, ਚੂਹੇ ਦੀ ਜੰਗਲ ਦੇ ਰਾਜੇ ਸ਼ੇਰ ਨਾਲ ਦੋਸਤੀ ਹੋਣਾ ਸੀ।

ਇਕ ਵਾਰ ਜਦੋਂ ਜੰਗਲ ਦਾ ਰਾਜਾ ਸ਼ੇਰ ਸ਼ਿਕਾਰੀਆਂ ਦੇ ਜਾਲ ਵਿਚ ਫਸ ਗਿਆ ਸੀ, ਉਦੋਂ ਚੂਹੇ ਨੇ ਆਪਣੀਆਂ ਦੰਦੀਆਂ ਨਾਲ ਜਾਲ ਕੱਟ ਕੇ ਸ਼ੇਰ ਨੂੰ ਸ਼ਿਕਾਰੀਆਂ ਦੇ ਚੁੰਗਲ ਵਿਚੋਂ ਮੁਕਤ ਕਰਵਾ ਦਿੱਤਾ ਸੀ। ਉਦੋਂ ਸ਼ੇਰ, ਚੂਹੇ ਦੀ ਸਿਆਣਪ ’ਤੇ ਬੇਹੱਦ ਖੁਸ਼ ਹੋਇਆ ਸੀ ਜਿਸ ਕਾਰਨ ਦੋਵਾਂ ਵਿਚ ਦੋਸਤੀ ਹੋ ਗਈ ਸੀ।

‘ਚੂਹੇ ਭਰਾ! ਜੰਗਲ ਵਿਚ ਜੇ ਕੋਈ ਤੈਨੂੰ ਤੰਗ ਕਰੇ ਤਾਂ ਮੈਨੂੰ ਯਾਦ ਕਰ ਲਵੀਂ। ਇਸ ਜੰਗਲ ਵਿਚ ਕੋਈ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।’ ਜੰਗਲ ਦੇ ਰਾਜੇ ਸ਼ੇਰ ਨੇ ਚੂਹੇ ਨੂੰ ਥਾਪੀ ਦਿੰਦੇ ਹੋਏ ਆਖਿਆ ਸੀ।

ਸ਼ੇਰ ਦੇ ਥਾਪੜੇ ਨਾਲ ਚੂਹਾ ਆਪਣੇ-ਆਪ ਨੂੰ ਜੰਗਲ ਦਾ ਰਾਜਾ ਹੀ ਸਮਝਣ ਲੱਗ ਪਿਆ ਸੀ। ਚੂਹੇ ਦਾ ‘ਉਲਟਾ ਚੋਰ ਕੋਤਵਾਲ ਨੂੰ ਡਾਂਟੇ’ ਵਾਲਾ ਹਿਸਾਬ ਬਣ ਗਿਆ ਸੀ। ਉਹ ਜੰਗਲ ਦੇ ਸਾਰੇ ਜਾਨਵਰਾਂ ਨੂੰ ਤੰਗ ਕਰਦਾ ਸੀ। ਚੂਹੇ ਨੂੰ ਜਿਹੜਾ ਵੀ ਜਾਨਵਰ ਕੁਝ ਆਖਦਾ, ਉਸ ਨੂੰ ਹੀ ਉਹ ਜੰਗਲ ਦੇ ਰਾਜੇ ਸ਼ੇਰ ਕੋਲੋਂ ਸਜ਼ਾ ਦਿਵਾਉਣ ਦਾ ਡਰਾਵਾ ਦਿੰਦਾ।

ਚੂਹਾ ਸ਼ਰਾਰਤੀ ਹੀ ਨਹੀਂ ਬਲਕਿ ਚਲਾਕ ਵੀ ਬਹੁਤ ਸੀ। ਬਿੱਲੀ ਨੂੰ ਉਹ ਭੁੱਲ ਕੇ ਵੀ ਨਹੀਂ ਛੇੜਦਾ ਸੀ। ਬਿੱਲੀ ਨੂੰ ਵੇਖਣ ਸਾਰ ਉਹ ਖੁੱਡ ਵਿਚ ਵੜ ਜਾਂਦਾ ਸੀ। ਚੂਹੇ ਨੂੰ ਪਤਾ ਸੀ ਕਿ ਬਿੱਲੀ ਉਸ ਤੋਂ ਵੀ ਫੁਰਤੀਲੀ ਹੈ ਤੇ ਬਿੱਲੀ ਨੇ ਝਪਟਾ ਮਾਰ ਕੇ ਉਸ ਨੂੰ ਦਬੋਚ ਲੈਣਾ ਹੈ। ਉਂਜ ਵੀ ਉਹ ਬਿੱਲੀ ਦੀ ਸ਼ਿਕਾਇਤ ਸ਼ੇਰ ਕੋਲ ਨਹੀਂ ਲਾ ਸਕਦਾ ਸੀ ਕਿਉਂਕਿ ਬਿੱਲੀ ਸ਼ੇਰ ਦੀ ਮਾਸੀ ਸੀ।

ਚਲਾਕ ਤੇ ਸ਼ਰਾਰਤੀ ਚੂਹਾ, ਹਾਥੀ ਨੂੰ ਸਭ ਤੋਂ ਵੱਧ ਤੰਗ ਕਰਦਾ ਸੀ। ਚੂਹਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਭਾਰਾ ਸਰੀਰ ਹੋਣ ਕਰਕੇ ਹਾਥੀ ਸਭ ਜਾਨਵਰਾਂ ਤੋਂ ਘੱਟ ਫੁਰਤੀਲਾ ਹੈ। ਇਸ ਲਈ ਹਾਥੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਸੀ। ਚੂਹਾ ਸੁੱਤੇ ਪਏ ਹਾਥੀ ਦੀ ਪਿੱਠ ’ਤੇ ਚੜ੍ਹਕੇ ਨੱਚਦਾ-ਟੱਪਦਾ। ਫਿਰ ਉਹ ਭੱਜ ਕੇ ਦਰੱਖਤ ਉੱਤੇ ਚੜ੍ਹ ਜਾਂਦਾ। ਹਾਥੀ ਨੂੰ ਚੂਹੇ ’ਤੇ ਬਹੁਤ ਗੁੱਸਾ ਆਉਂਦਾ, ਪਰ ਉਹ ਚੂਹੇ ਦਾ ਕੁਝ ਨਹੀਂ ਵਿਗਾੜ ਸਕਦਾ ਸੀ। ਉਹ ਵਧੇਰੇ ਫੁਰਤੀਲਾ ਹੋਣ ਕਰਕੇ ਹਾਥੀ ਦੇ ਕਾਬੂ ਨਹੀਂ ਸੀ ਆ ਸਕਦਾ। ਹਾਥੀ ਤੰਗ ਆ ਕੇ ਕੋਈ ਅਜਿਹੀ ਤਰਤੀਬ ਸੋਚਣ ਲੱਗਾ ਜਿਸ ਨਾਲ ਚੂਹਾ ਉਸ ਨੂੰ ਹੀ ਨਹੀਂ, ਹੋਰ ਜਾਨਵਰਾਂ ਨੂੰ ਵੀ ਤੰਗ ਕਰਨਾ ਛੱਡ ਦੇਵੇ। ਹਾਥੀ ਕਈ ਦਿਨ ਸੋਚਦਾ ਰਿਹਾ। ਕਈ ਦਿਨ ਸੋਚਣ ਤੋਂ ਬਾਅਦ ਹਾਥੀ ਨੇ ਚੂਹੇ ਨੂੰ ਸਬਕ ਸਿਖਾਉਣ ਦੀ ਜੁਗਤ ਬਣਾ ਹੀ ਲਈ।

ਹੁਣ ਹਾਥੀ ਬਿੱਲੀ ਦਾ ਇੰਤਜ਼ਾਰ ਕਰਨ ਲੱਗਾ। ਬਿੱਲੀ ਕਦੇ-ਕਦਾਈਂ ਹੀ ਇਧਰ ਗੇੜਾ ਮਾਰਦੀ ਸੀ। ਕਈ ਦਿਨਾਂ ਬਾਅਦ ਜਦੋਂ ਬਿੱਲੀ ਆਈ। ਬਿੱਲੀ ਨੂੰ ਵੇਖ ਕੇ ਚੂਹਾ ਭੱਜ ਕੇ ਖੁੱਡ ਵਿਚ ਵੜ ਗਿਆ। ਚੂਹੇ ਨੂੰ ਖੁੱਡ ਵਿਚ ਵੜਦਿਆਂ ਵੇਖ ਕੇ ਹਾਥੀ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਚੂਹੇ ਨੂੰ ਨਸੀਹਤ ਦੇਣ ਲਈ ਉਸ ਦੀ ਬਣਾਈ ਸਕੀਮ ਨੇ ਹੁਣ ਰੰਗ ਵਿਖਾਉਣਾ ਸੀ।

ਹਾਥੀ ਭੱਜ ਕੇ ਆਪਣੀ ਸੁੰਡ ਛੱਪੜ ’ਚੋਂ ਪਾਣੀ ਨਾਲ ਭਰ ਲਿਆਇਆ। ਹਾਥੀ ਨੇ ਚੂਹੇ ਦੀ ਖੁੱਡ ਪਾਣੀ ਨਾਲ ਭਰਨੀ ਸ਼ੁਰੂ ਕਰ ਦਿੱਤੀ। ਹੁਣ ਚੂਹਾ ਮੁਸੀਬਤ ਵਿਚ ਫਸ ਗਿਆ। ਚੂਹਾ ਜੇ ਖੁੱਡ ਵਿਚ ਰਹਿੰਦਾ ਸੀ ਤਾਂ ਡੁੱਬਦਾ ਸੀ। ਜੇ ਉਹ ਬਾਹਰ ਨਿਕਲਦਾ ਸੀ ਤਾਂ ਬਿੱਲੀ ਨੇ ਦਬੋਚ ਲੈਣਾ ਸੀ। ਖੁੱਡ ਵਿਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਸੀ।

‘ਇਸ ਤਰ੍ਹਾਂ ਡੁੱਬ ਕੇ ਮਰਨ ਨਾਲੋਂ ਤੇ ਬਾਹਰ ਨਿਕਲਣਾ ਚੰਗਾ ਹੈ। ਬਾਹਰ ਸ਼ਾਇਦ ਬਿੱਲੀ ਦੇ ਕਾਬੂ ਨਾ ਹੀ ਆਵਾਂ।’ ਚੂਹੇ ਨੇ ਸੋਚਿਆ ਤੇ ਉਹ ਖੁੱਡ ਵਿਚੋਂ ਨਿਕਲਣ ਦੀ ਤਿਆਰੀ ਕਰਨ ਲੱਗਾ।

ਹਾਥੀ ਬਹੁਤ ਸਮਝਦਾਰ ਸੀ। ਹਾਥੀ ਭਾਵੇਂ ਚੂਹੇ ਤੋਂ ਬਹੁਤ ਦੁਖੀ ਸੀ, ਫਿਰ ਵੀ ਉਹ ਚੂਹੇ ਨੂੰ ਮਾਰਨਾ ਨਹੀਂ ਸੀ ਚਾਹੁੰਦਾ। ਹਾਥੀ ਸਿਰਫ਼ ਚੂਹੇ ਨੂੰ ਸਿੱਧੇ ਰਾਹ ਪਾਉਣਾ ਚਾਹੁੰਦਾ ਸੀ। ਇਸ ਕਰਕੇ ਜਦੋਂ ਚੂਹਾ ਖੁੱਡ ਵਿਚੋਂ ਬਾਹਰ ਨਿਕਲਿਆ, ਹਾਥੀ ਨੇ ਫਟਾਫਟ ਆਪਣਾ ਕੰਨ ਅੱਗੇ ਕਰ ਦਿੱਤਾ। ਚੂਹਾ ਛਾਲ ਮਾਰ ਕੇ ਹਾਥੀ ਦੇ ਕੰਨ ਵਿਚ ਵੜ ਗਿਆ।

ਚੂਹਾ, ਬਿੱਲੀ ਤੋਂ ਬਚ ਗਿਆ ਸੀ। ਚੂਹੇ ਦੀ ਮਸ੍ਵਾਂ ਜਾਨ ਵਿਚ ਜਾਨ ਆਈ। ਚੂਹੇ ਨੇ ਕੰਨਾਂ ਨੂੰ ਹੱਥ ਲਾਇਆ। ਉਸ ਨੇ ਅੱਗੇ ਤੋਂ ਕਿਸੇ ਵੀ ਜਾਨਵਰ ਨੂੰ ਤੰਗ ਨਾ ਕਰਨ ਦਾ ਫ਼ੈਸਲਾ ਕਰ ਲਿਆ।