ਵਾਸ਼ਿੰਗਟਨ, 5 ਦਸੰਬਰ

ਚੀਨ ਵਿੱਚ ਕਰੋਨਾਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਸਖ਼ਤ ਪਾਬੰਦੀਆਂ ਤੇ ਸਿਆਸੀ ਬਦਲਾਅ ਲਈ ਜਾਰੀ ਪ੍ਰਦਰਸ਼ਨਾਂ ਦੀ ਹਮਾਇਤ ਵਿੱਚ ਅਮਰੀਕਾ ਦੇ ਵ੍ਹਾਈਟ ਹਾਊਸ ਦੇ ਬਾਹਰ ਐਤਵਾਰ ਨੂੰ ਕਰੀਬ 200 ਲੋਕਾਂ ਨੇ ਇਕੱਠੇ ਹੋ ਕੇ ਮੋਮਬੱਤੀਆਂ ਜਗਾਈਆਂ ਤੇ ‘ਚੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਏ। ਫਰੀਡਮ ਪਲਾਜ਼ਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਚੀਨੀ ਸਦਰ ਸ਼ੀ ਜਿਨਪਿੰਗ ਤੇ ਉਨ੍ਹਾਂ ਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ, ‘‘ਕੋਈ ਤਾਨਾਸ਼ਾਹੀ ਨਹੀਂ, ਕੋਈ ਸੈਂਸਰਸ਼ਿਪ ਨਹੀਂ।’’ ਕੁਝ ਲੋਕ ਹੱਥ ਵਿੱਚ ਕੋਰੇ ਕਾਗਜ਼ ਲਈ ਨਜ਼ਰ ਆਏ, ਜੋ ਪਾਰਟੀ ਦੀ ਵਿਆਪਕ ਸੈਂਸਰਸ਼ਿਪ ਦੇ ਵਿਰੋਧ ਦਾ ਪ੍ਰਤੀਕ ਸਨ। ਕੁਝ ਨੇ ‘ਚੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਏ। ਚੀਨ ਦੇ ਉਰੂਮਚੀ ਸ਼ਹਿਰ ਵਿੱਚ 25 ਨਵੰਬਰ ਨੂੰ ਅੱਗ ਦੀ ਜ਼ੱਦ ਵਿੱਚ ਆਉਣ ਕਰਕੇ ਦਸ ਲੋਕਾਂ ਦੀ ਮੌਤ ਮਗਰੋਂ ਪ੍ਰਦਰਸ਼ਨ ਸ਼ੁਰੂ ਹੋਏ ਸਨ।