ਵੈਨਕੂਵਰ, 11 ਮਈ

ਵੈਨਕੂਵਰ ਹਵਾਈ ਅੱਡੇ ’ਤੇ ਗੈਂਗਸਟਰਾਂ ਵਿਚਾਲੇ ਹੋਏ ਹਿੰਸਕ ਟਕਰਾਅ ਵਿਚ ਇਕ ਪੰਜਾਬੀ ਗੈਂਗਸਟਰ ਮਾਰਿਆ ਗਿਆ। ਮ੍ਰਿਤਕ ਦੀ ਸ਼ਨਾਖ਼ਤ ਕਰਮਨ ਗਰੇਵਾਲ (28) ਵਜੋਂ ਹੋਈ ਹੈ। ਉਹ ‘ਯੂਨਾਇਟਿਡ ਨੇਸ਼ਨ ਗੈਂਗ’ ਨਾਲ ਸਬੰਧਤ ਸੀ ਤੇ ਉਸ ਉਤੇ ਕਈ ਕੇਸ ਸਨ। ਕੁਝ ਸਾਲ ਪਹਿਲਾਂ ਉਹ ਪਿੱਛਾ ਕਰ ਰਹੀ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਕੇ ਭੱਜ ਨਿਕਲਿਆ ਸੀ। ਅੱਜ ਵਾਪਰੀ ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਹਵਾਈ ਅੱਡੇ ਦੇ ਸਾਰੇ ਰਸਤੇ ਸੀਲ ਕਰ ਦਿੱਤੇ। ਰਿਚਮੰਡ, ਬ੍ਰਿਟਿਸ਼ ਕੋਲੰਬੀਆ ਸਥਿਤ ਹਵਾਈ ਅੱਡੇ ਦੇ ਉਡਾਣਾਂ ਭਰਨ ਵਾਲੇ ਟਰਮੀਨਲ ਉਤੇ ਗਰੇਵਾਲ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਆਰਸੀਐਮਪੀ (ਪੁਲੀਸ) ਦਾ ਕਹਿਣਾ ਹੈ ਕਿ ਗੈਂਗ ਅਧਾਰਿਤ ਹਿੰਸਾ ਬ੍ਰਿਟਿਸ਼ ਕੋਲੰਬੀਆ ਵਿਚ ਨਵੀਆਂ ਸਿਖ਼ਰਾਂ ਛੂਹ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਕੌਮਾਂਤਰੀ ਹਵਾਈ ਅੱਡੇ ਨੂੰ ਵੀ ਨਹੀਂ ਛੱਡ ਰਹੇ ਜਿੱਥੇ ਪੂਰੇ ਦਿਨ ਚੜ੍ਹੇ ਗੋਲੀਆਂ ਚਲਾਈਆਂ ਗਈਆਂ ਹਨ। ਪੁਲੀਸ ਨੇ ਹਮਲੇ ਤੋਂ ਬਾਅਦ ਇਕ ਸ਼ੱਕੀ ਕਾਰ ਨੂੰ ਜਦ ਰੋਕਣ ਦਾ ਯਤਨ ਕੀਤਾ ਤਾਂ ਕਾਰ ਵਿਚੋਂ ਪੁਲੀਸ ਕਰਮੀਆਂ ਵੱਲ ਗੋਲੀਆਂ ਚਲਾਈਆਂ ਗਈਆਂ। ਦੋ ਹਮਲਾਵਰ ਐੱਸਯੂਵੀ ਵਿਚ ਫਰਾਰ ਹੋ ਗਏ। ਪੁਲੀਸ ਕਰਮੀਆਂ ਵਿਚੋਂ ਕੋਈ ਫੱਟੜ ਨਹੀਂ ਹੋਇਆ ਹੈ। ਪੁਲੀਸ ਨੂੰ ਗੈਂਗਸਟਰਾਂ ਵੱਲੋਂ ਵਰਤੀ ਕਾਰ 28 ਕਿਲੋਮੀਟਰ ਦੂਰ ਸੜੀ ਹੋਈ ਮਿਲੀ ਹੈ। ਗੋਲੀਬਾਰੀ ਦੇ ਮੱਦੇਨਜ਼ਰ ਹਵਾਈ ਅੱਡੇ ਦੇ ਕੌਮਾਂਤਰੀ ਤੇ ਘਰੇਲੂ ਡਿਪਾਰਚਰ ਖੇਤਰ ਨੂੰ ਬਲਾਕ ਕਰ ਦਿੱਤਾ ਗਿਆ ਤੇ ਪੁਲੀਸ ਨੇ ਇਕ ਆਰਜ਼ੀ ਕੰਧ ਖੜ੍ਹੀ ਕਰ ਦਿੱਤੀ। ਇਲਾਕੇ ਦੀਆਂ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ। ਪੁਲੀਸ ਨੇ ਘਟਨਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਰੱਖਣ ਵਾਲੇ ਨੂੰ ਅੱਗੇ ਆਉਣ ਲਈ ਕਿਹਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦਾ ਕਹਿਣਾ ਹੈ ਕਿ ਪੁਲੀਸ ਕੋਲ ਮ੍ਰਿਤਕ ਦਾ ਰਿਕਾਰਡ ਪਹਿਲਾਂ ਹੀ ਹੈ ਤੇ ਇਹ ਹਿੰਸਾ ਗੈਂਗਸਟਰਾਂ ਵਿਚਾਲੇ ਹੋਈ ਹੈ। ਫੈਡਰਲ ਲੋਕ ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਗੋਲੀਬਾਰੀ ਪ੍ਰੇਸ਼ਾਨ ਕਰਨ ਵਾਲੀ ਹੈ ਤੇ ਉਨ੍ਹਾਂ ਨੂੰ ਇਸ ਖੇਤਰ ਵਿਚ ਰਹਿੰਦੇ ਲੋਕਾਂ ਨਾਲ ਹਮਦਰਦੀ ਹੈ।