ਲੰਡਨ, 29 ਨਵੰਬਰ

ਦੱਖਣੀ ਅਫ਼ਰੀਕਾ ਦੇ ਵਿਗਿਆਨੀਆਂ ਨੇ ਹਾਲ ਹੀ ਵਿਚ ਕਰੋਨਾਵਾਇਰਸ ਦੇ ਇਕ ਨਵੇਂ ਸਰੂਪ ਦੀ ਸ਼ਨਾਖ਼ਤ ਕੀਤੀ ਹੈ ਜਿਸ ਨੂੰ ਉਹ ਮੁਲਕ ਦੇ ਇਕ ਵੱਡੇ ਸੂਬੇ ’ਚ ਕੋਵਿਡ ਦੇ ਕੇਸ ਵਧਣ ਦਾ ਕਾਰਨ ਦੱਸ ਰਹੇ ਹਨ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਨਵਾਂ ‘ਵੇਰੀਂਐਂਟ’ ਸਭ ਤੋਂ ਪਹਿਲਾਂ ਕਿੱਥੇ ਪੈਦਾ ਹੋਇਆ, ਪਰ ਦੱਖਣੀ ਅਫ਼ਰੀਕਾ ਨੇ ਇਸ ਬਾਰੇ ਡਬਲਿਊਐਚਓ ਨੂੰ ਜਾਣੂ ਕਰਵਾ ਦਿੱਤਾ ਹੈ। ਹੁਣ ਇਹ ਕਈ ਮੁਲਕਾਂ ਵਿਚ ਪਹੁੰਚ ਰਹੇ ਯਾਤਰੀਆਂ ਵਿਚ ਦੇਖਿਆ ਜਾ ਰਿਹਾ ਹੈ। ਇਹ ਆਸਟਰੇਲੀਆ, ਇਜ਼ਰਾਇਲੀ ਤੇ ਨੀਦਰਲੈਂਡਜ਼ ਵਿਚ ਵੀ ਮਿਲਿਆ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹੋਰਨਾਂ ਸਰੂਪਾਂ ਦੇ ਮੁਕਾਬਲੇ ਲੋਕਾਂ ਦੇ ਇਸ ਨਵੇਂ ਸਰੂਪ ਦੀ ਲਪੇਟ ’ਚ ਆਉਣ ਦੀ ਸੰਭਾਵਨਾ ਵੱਧ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕਰੋਨਾ ਹੋ ਚੁੱਕਾ ਹੈ ਤੇ ਉਹ ਠੀਕ ਵੀ ਹੋ ਚੁੱਕੇ ਹਨ, ਉਹ ਵੀ ਇਸ ਦੀ ਲਪੇਟ ਵਿਚ ਆ ਸਕਦੇ ਹਨ। ਇਸ ‘ਵੇਰੀਐਂਟ’ ਦੀਆਂ 30 ‘ਮਿਊਟੇਸ਼ਨਜ਼’ ਹਨ ਤੇ ਇਹ ਆਸਾਨੀ ਨਾਲ ਲੋਕਾਂ ਵਿਚ ਫੈਲ ਸਕਦਾ ਹੈ। ਇਹ ਸਰੂਪ ਜੈਨੇਟਿਕ ਪੱਧਰ ਉਤੇ ਪਹਿਲਾਂ ਮਿਲੇ ਸਰੂਪਾਂ ‘ਬੀਟਾ’ ਤੇ ‘ਡੈਲਟਾ’ ਨਾਲੋਂ ਵੱਖਰਾ ਹੈ। ਪਰ ਇਹ ਹਾਲੇ ਪਤਾ ਨਹੀਂ ਹੈ ਕਿ ਇਸ ਦਾ ਜੈਨੇਟਿਕ ਤੌਰ ’ਤੇ ਵੱਖ ਹੋਣਾ ਕੀ ਇਸ ਨੂੰ ਜ਼ਿਆਦਾ ਫੈਲਣ ਯੋਗ ਜਾਂ ਖ਼ਤਰਨਾਕ ਬਣਾਉਂਦਾ ਹੈ। ਵੈਕਸੀਨ ਇਸ ’ਤੇ ਅਸਰਦਾਰ ਹੈ ਜਾਂ ਨਹੀਂ, ਇਹ ਪਤਾ ਕਰਨ ਲਈ ਹਾਲੇ ਕੁਝ ਸਮਾਂ ਹੋਰ ਲੱਗੇਗਾ। ਜ਼ਿਕਰਯੋਗ ਹੈ ਕਿ ਜਿਵੇਂ-ਜਿਵੇਂ ਕਰੋਨਾਵਾਇਰਸ ਫੈਲਦਾ ਹੈ, ਇਸ ਦਾ ਰੂਪ ਬਦਲਦਾ ਜਾਂਦਾ ਹੈ ਤੇ ਨਵੇਂ ਸਰੂਪ ਸਾਹਮਣੇ ਆਉਂਦੇ ਹਨ।