ਨਵੀਂ ਦਿੱਲੀ, 31 ਜਨਵਰੀ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਬਜਟ ਪੂਰਵ ਆਰਥਿਕ ਸਮੀਖਆ ਪੇਸ਼ ਕੀਤੀ, ਜਿਸ ਵਿੱਚ ਵਿੱਤੀ ਸਾਲ 2022-23 ਵਾਸਤੇ ਸਰਕਾਰ ਦੇ ਬਜਟ ਤੋਂ ਪਹਿਲਾਂ ਅਰਥਵਿਵਸਥਾ ਦੀ ਸਥਿਤੀ ਦਾ ਬਿਓਰਾ ਦਿੱਤਾ ਗਿਆ। ਆਰਥਿਕ ਸਮੀਖਿਆ ਵਿੱਤੀ ਸਾਲ 2022-23 (ਅਪਰੈਲ 2022 ਤੋਂ ਮਾਰਚ 2023) ਵਿਚਕਾਰ ਭਾਰਤ ਦੀ ਅਰਥਵਿਵਸਥਾ 8 ਤੋਂ 8.5 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।  ਉਨ੍ਹਾਂ ਕਿਹਾ ਕਿ ਅਰਥਵਿਵਸਥਾ ਅਗਲੇ ਵਿੱਤੀ ਸਾਲ ਵਿੱਚ 8 ਤੋਂ 8.5 ਫੀਸਦੀ ਦੀ ਆਰਥਿਕ ਵਾਧਾ ਦਰ ਹਾਸਲ ਕਰਨ ਲਈ ਬੇਹਤਰ ਸਥਿਤੀ ਵਿੱਚ ਹੈ, ਜੋ ਵਿੱਤੀ ਵਰ੍ਹੇ 2022-23 ਦੀਆਂ ਚੁਣੌਤੀਆਂ ਨਾਲ ਸਿੱਝਣ ਦੇ ਸਮਰੱਥ ਹੈ।  ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਦੇ ਅਨੁਮਾਨ ਮੁਤਾਬਕ ਆਰਥਿਕ ਵਾਧਾ ਦਰ 9.2 ਫ਼ੀਸਦੀ ਰਹਿ ਸਕਦੀ ਹੈ। ਸਮੀਖਿਆ ਵਿੱਚ 2021-22 ਵਿੱਚ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਦੀ ਸਥਿਤੀ ਦੇ ਨਾਲ ਹੀ ਵਾਧੇ ਵਿੱਚ ਤੇਜ਼ੀ ਲਿਆਉਣ ਲਈ ਕੀਤੇ ਜਾਣ ਵਾਲੇ ਸੁਧਾਰਾਂ ਦਾ ਬਿਓਰਾ ਦਿੱਤਾ ਗਿਆ ਹੈ। ਵਿੱਤੀ ਸਾਲ 2020-21 ਵਿੱਚ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਵਿੱਚ 7.3 ਫੀਸਦ ਦੀ ਗਿਰਾਵਟ ਆਈ ਸੀ। ਆਰਥਿਕ ਸਮੀਖਿਆ ਅਰਥਵਿਵਸਥਾ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਸਪਲਾਈ-ਪੱਖ ਦੇ ਮੁੱਦਿਆਂ ਉੱਤੇ ਕੇਂਦਰਤ ਹੈ। ਸਮੀਖਿਆ ਮੁਤਾਬਕ, ਮਹਾਮਾਰੀ ਕਾਰਨ ਹੋਏ ਨੁਕਸਾਨ ਨਾਲ ਨਜਿੱਠਣ ਲਈ ਭਾਰਤ ਦੀ ਆਰਥਿਕ ਪ੍ਰਤੀਕਿਰਿਆ ਮੰਗ ਪ੍ਰਬੰਧਨ ਦੀ ਬਜਾਏ ਸਪਲਾਈ ਪੱਖ ’ਚ ਸੁਧਾਰ ’ਤੇ ਕੇਂਦਰ ਰਹੀ। ਵਿੱਤੀ ਸਾਲ 2022-23 ਵਿੱਚ ਵਾਧੇ ਨੂੰ ਵਿਆਪਕ ਟੀਕਾਕਰਨ, ਸਪਲਾਈ ਪੱਖ ਵਿੱਚ ਕੀਤੇ ਗਏ ਸੁਧਾਰਾਂ ਤੋਂ ਹਾਸਲ ਲਾਭ ਅਤੇ ਰੈਗੂਲੇਜਸ਼ਨ ਵਿੱਚ ਦਿੱਤੀ ਗਈ ਢਿੱਲ ਤੋਂ ਸਮਰਥਨ ਮਿਲੇਗਾ।