ਨਵੀਂ ਦਿੱਲੀ, 28 ਜਨਵਰੀ

ਭਾਜਪਾ ਮੁਤਾਬਕ ਵਿੱਤੀ ਸਾਲ 2019-20 ਵਿੱਚ ਉਸ ਦੀ ਜਾਇਦਾਦ 4,847.78 ਕਰੋੜ ਸੀ, ਜੋ ਸਾਰੀਆਂ ਸਿਆਸੀ ਪਾਰਟੀਆਂ ਵਿੱਚੋਂ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਬਸਪਾ 698.33 ਕਰੋੜ ਰੁਪਏ ਅਤੇ ਕਾਂਗਰਸ 588.16 ਕਰੋੜ ਰੁਪਏ ਦੀ ਮਾਲਕ ਹਨ। ਐਡਵੋਕੇਸੀ ਗਰੁੱਪ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਨੇ 2019-20 ਵਿੱਚ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਆਪਣੀ ਰਿਪੋਰਟ ਤਿਆਰ ਕੀਤੀ ਹੈ। ਵਿਸ਼ਲੇਸ਼ਣ ਦੇ ਅਨੁਸਾਰ ਵਿੱਤੀ ਸਾਲ ਦੌਰਾਨ ਸੱਤ ਰਾਸ਼ਟਰੀ ਅਤੇ 44 ਖੇਤਰੀ ਪਾਰਟੀਆਂ ਦੁਆਰਾ ਐਲਾਨੀ ਕੁੱਲ ਜਾਇਦਾਦ ਕ੍ਰਮਵਾਰ 6,988.57 ਕਰੋੜ ਰੁਪਏ ਅਤੇ 2,129.38 ਕਰੋੜ ਰੁਪਏ ਹੈ। ਸੱਤ ਰਾਸ਼ਟਰੀ ਪਾਰਟੀਆਂ ਵਿੱਚੋਂ ਸਭ ਤੋਂ ਵੱਧ ਜਾਇਦਾਦ ਭਾਜਪਾ (4847.78 ਕਰੋੜ ਰੁਪਏ ਜਾਂ 69.37 ਪ੍ਰਤੀਸ਼ਤ) ਦੀ ਹੈ। ਇਸ ਤੋਂ ਬਾਅਦ ਬਸਪਾ (698.33 ਕਰੋੜ ਜਾਂ 9.99 ਪ੍ਰਤੀਸ਼ਤ) ਅਤੇ ਕਾਂਗਰਸ (588.16 ਕਰੋੜ ਜਾਂ 8.42 ਪ੍ਰਤੀਸ਼ਤ) ਹਨ। 44 ਖੇਤਰੀ ਪਾਰਟੀਆਂ ਵਿੱਚੋਂ 10 ਸਿਖਰਲੀਆਂ ਪਾਰਟੀਆਂ ਦੀ ਜਾਇਦਾਦ 2028.715 ਕਰੋੜ ਰੁਪਏ ਹੈ। ਵਿੱਤੀ ਸਾਲ 2019-20 ਵਿੱਚ ਖੇਤਰੀ ਪਾਰਟੀਆਂ ਵਿੱਚੋਂ ਸਮਾਜਵਾਦੀ ਪਾਰਟੀ ਦੀ ਸਭ ਤੋਂ ਵੱਧ ਜਾਇਦਾਦ 563.47 ਕਰੋੜ ਰੁਪਏ (26.46 ਪ੍ਰਤੀਸ਼ਤ) ਸੀ। ਇਸ ਤੋਂ ਬਾਅਦ ਟੀਆਰਐੱਸ 301.47 ਕਰੋੜ ਰੁਪਏ ਅਤੇ ਏਆਈਏਡੀਐੱਮਕੇ 267.61 ਕਰੋੜ ਰੁਪਏ ਸੀ। ਰਾਸ਼ਟਰੀ ਸਿਆਸੀ ਪਾਰਟੀਆਂ ਨੇ ਵਿੱਤੀ ਸਾਲ 2019-20 ਵਿੱਚ ਕੁੱਲ 74.27 ਕਰੋੜ ਰੁਪਏ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ। ਵਿੱਤੀ ਸਾਲ 2019-20 ਵਿੱਚ ਕਾਂਗਰਸ ਨੇ 49.55 ਕਰੋੜ ਰੁਪਏ (66.72 ਪ੍ਰਤੀਸ਼ਤ) ਦੀਆਂ ਸਭ ਤੋਂ ਵੱਧ ਕੁੱਲ ਦੇਣਦਾਰੀਆਂ ਐਲਾਨੀਆਂ। ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ 11.32 ਕਰੋੜ ਰੁਪਏ (15.24 ਪ੍ਰਤੀਸ਼ਤ) ਐਲਾਨੇ।