ਮੁੰਬਈ:ਅਦਾਕਾਰ-ਗਾਇਕ ਤੇ ਗੀਤਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਇੱਕ ਵਿਸ਼ਵ ਪੱਧਰ ਦੀ ਰਿਕਾਰਡ ਕੰਪਨੀ ਨਾਲ ਕਰਾਰ ਕੀਤਾ ਹੈ, ਜਿਸ ਤਹਿਤ ਦਿਲਜੀਤ ਕੈਨੇਡੀਅਨ ਰੈਪਰ ਟੋਰੀ ਲੇਨਜ਼ ਅਤੇ ਤੰਜ਼ਾਨੀਆ ਦੇ ਕਲਾਕਾਰ ਡਾਇਮੰਡ ਪਲੈਟਨਮਜ਼ ਨਾਲ ਚਾਰ ਗੀਤਾਂ ਵਿੱਚ ਕੰਮ ਕਰੇਗਾ। ਇਹ ਪਹਿਲਾ ਮੌਕਾ ਹੈ ਜਦੋਂ ਦਿਲਜੀਤ ਵਿਸ਼ਵ ਪੱਧਰ ’ਤੇ ਆਪਣੀ ਹਾਜ਼ਰੀ ਲਵਾਏਗਾ।

ਦਿਲਜੀਤ ਨੇ ਕਿਹਾ, ‘ਮੈਂ ਵਾਰਨਰ ਮਿਊਜ਼ਿਕ ਨਾਲ ਇਹ ਕਰਾਰ ਕਰਕੇ ਬਹੁਤ ਖੁਸ਼ ਹਾਂ। ਅਸੀਂ ਰਲ ਕੇ ਭਾਰਤੀ ਸੰਗੀਤ ਨੂੰ ਵਿਸ਼ਵ ਪੱਧਰ ’ਤੇ ਨਵੀਆਂ ਬੁਲੰਦੀਆਂ ਤੱਕ ਲਿਜਾਵਾਂਗੇ।’ ਇਸ ਕਰਾਰ ਤਹਿਤ ਦਿਲਜੀਤ ਨੇ ਵਿਸ਼ਵ ਪੱਧਰ ਦੇ ਕਲਾਕਾਰਾਂ ਨਾਲ ਰਲ ਕੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਦਿਲਜੀਤ ਨੇ ਕਿਹਾ, ‘ਮੈਂ ਵਾਰਨਰ ਮਿਊਜ਼ਿਕ ਦੇ ਕੁਝ ਕਲਾਕਾਰਾਂ ਨਾਲ ਕੰਮ ਕਰ ਰਿਹਾ ਹਾਂ, ਜੋ ਵਿਸ਼ਵ ਪੱਧਰ ’ਤੇ ਪਹਿਲਾਂ ਹੀ ਬਾਕਮਾਲ ਕੰਮ ਕਰ ਰਹੇ ਹਨ। ਮੈਂ ਦੁਨੀਆ ਭਰ ਵਿੱਚ ਭਾਰਤੀ ਸੰਗੀਤ ਦੀ ਪਛਾਣ ਕਾਇਮ ਕਰਨ ’ਚ ਆਪਣਾ ਯੋਗਦਾਨ ਪਾ ਕੇ ਬਹੁਤ ਖੁਸ਼ ਹਾਂ।’ ਜ਼ਿਕਰਯੋਗ ਹੈ ਕਿ ਦਿਲਜੀਤ ਨੇ ਹੁਣ ਤੱਕ 13 ਸਟੂਡੀਓ ਐਲਬਮ ਤਿਆਰ ਕੀਤੀਆਂ ਹਨ। ਦਿਲਜੀਤ ਦੀ 2020 ਵਿੱਚ ਆਈ ਐਲਬਮ ‘ਜੀ.ਓ.ਏ.ਟੀ’ ਨੂੰ ਬਿਲਬੋਰਡ ਦੇ ਗਲੋਬਲ ਚਾਰਟ ’ਤੇ ਵੀ ਦਿਖਾਇਆ ਗਿਆ ਸੀ।