ਮੁੰਬਾਈ:ਬੌਲੀਵੁੱਡ ਅਦਾਕਾਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਸਣੇ ਕਈ ਦਿੱਗਜ ਕਲਾਕਾਰਾਂ ਵਾਲੀ ਫਿਲਮ ‘83’ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਹੈ। ਹਾਲ ਹੀ ਵਿੱਚ ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਆਜ਼ਾਦ ਭਾਰਤ ਵੱਲੋਂ ਪਹਿਲੀ ਵਾਰ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਣ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਹੁਣ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਵਿੱਚ ਮਹਾਨ ਖਿਡਾਰੀ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਅਦਾਕਾਰ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦੇ ਪੋਸਟਰ ਦੇ ਨਾਲ-ਨਾਲ ਇਹ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿ ਫਿਲਮ ਦਾ ਟਰੇਲਰ 30 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। 

 ਰਣਵੀਰ ਨੇ ਪੋਸਟਰ ਨਾਲ ਲਿਖਿਆ ਹੈ, ‘ਜਿਵੇਂ ਕਿ ਲੋਕ ਕਹਿੰਦੇ ਹਨ…ਇੱਕ ਵਾਰ ਜਿੱਤ ਦਾ ਸਵਾਦ ਲੈਣ ਮਗਰੋਂ ਦਿਲ ਵਾਰ-ਵਾਰ ਜਿੱਤ ਦੀ ਮੰਗ ਕਰਦਾ ਹੈ। ਕਪਿਲ ਦੇਵ, 1983, ਦੋ ਦਿਨ ਬਾਕੀ #83ਟਰੇਲਰ। ‘83’ ਸਿਨੇਮਾਘਰਾਂ ਵਿੱਚ 24 ਦਸੰਬਰ  2021 ਨੂੰ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।’ ਪੋਸਟਰ ਵਿੱਚ ਕਪਿਲ ਕਪੂਰ ਦਾ ਕਿਰਦਾਰ ਨਿਭਾਅ ਰਿਹਾ ਰਣਵੀਰ ਕਪੂਰ ਆਪਣੇ ਸਹਿ ਖਿਡਾਰੀਆਂ ਨਾਲ ਜੇਤੂ ਅੰਦਾਜ਼ ਵਿਚ ਭੱਜਦਾ ਦਿਖਾਈ ਦੇ ਰਿਹਾ ਹੈ।