ਨਵੀਂ ਦਿੱਲੀ, 12 ਅਗਸਤ

ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਹੰਗਾਮੇ ਲਈ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੇਂਦਰੀ ਮੰਤਰੀਆਂ ਦੇ ਸਮੂਹ ਨੇ ਅੱਜ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਨੂੰ ਕਿਹਾ ਕਿ ਉਹ ਨਿਯਮ ਤੋੜਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਤੇ ਵਿਰੋਧੀ ਧਿਰ ਆਪਣੇ ਵਿਵਹਾਰ ਲਈ ਦੇਸ਼ ਤੋਂ ਮੁਆਫ਼ੀ ਮੰਗੇ। ਇੱਥੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀਆਂ ਨੇ ਵਿਰੋਧੀ ਨੇਤਾਵਾਂ ‘ਤੇ ਮਾਰਸ਼ਲਾਂ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਵਿਰੋਧੀ ਧਿਰ ਦਾ ‘ਮੇਰੇ ਤਰੀਕੇ ਨਾਲ ਨਹੀਂ ਤਾਂ ਕਿਸੇ ਵੀ ਤਰੀਕੇ ਨਾਲ ਨਹੀਂ’ ਵਾਲਾ ਰਵੱਈਆ ਨਿੰਦਣਯੋਗ ਹੈ ਅਤੇ ਦੇਸ਼ ਨੇ ਵੀ ਇਸ ਤਰ੍ਹਾਂ ਦੇ ਰਵੱਈਏ ਦੀ ਆਲੋਚਨਾ ਕਰਦਾ ਹੈ। ਰਾਜ ਸਭਾ ਵਿੱਚ ਸਦਨ ਦੇ ਨੇਤਾ ਗੋਇਲ ਨੇ ਵੀ ਕਿਹਾ ਕਿ ਮੰਤਰੀਆਂ ਦੇ ਸਮੂਹ ਨੇ ਸਦਨ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਨਾਲ ਮੁਲਾਕਾਤ ਕੀਤੀ ਅਤੇ ਅਪੀਲ ਕੀਤੀ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਮਾੜੇ ਵਤੀਰੇ ਅਤੇ ਮਾਰਸ਼ਲ ਨਾਲ ਬਦਸਲੂਕੀ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਵਿਵਹਾਰ ਨੇ ਸੰਸਦੀ ਕਦਰਾਂ ਕੀਮਤਾਂ ਨੂੰ ਲੀਰੋ ਲੀਰ ਕਰ ਦਿੱਤਾ ਹੈ। ਵਿਰੋਧੀ ਧਿਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਭਾਜਪਾ ਦੀ ਗੁੱਡੀ ਚੜ੍ਹੀ ਹੋਈ ਹੈ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਲੋਕ ਮੂੰਹ ਨਹੀਂ ਲਗਾ ਰਹੇ।