ਓਟਵਾ, 5 ਜਨਵਰੀ : ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਕੌਮਾਂਤਰੀ ਸਫਰ ਕਰਨ ਕਾਰਨ ਸੁਰਖੀਆਂ ਵਿੱਚ ਆਏ ਅਧਿਕਾਰੀਆਂ ਦੀ ਸੂਚੀ ਦਿਨ-ਬ-ਦਿਨ ਲੰਮੀਂ ਹੁੰਦੀ ਜਾ ਰਹੀ ਹੈ। ਹੁਣ ਦੋ ਹੋਰ ਕੰਜ਼ਰਵੇਟਿਵ ਸਿਆਸਤਦਾਨਾਂ ਦੇ ਨਾਂ ਇਸ ਸੂਚੀ ਵਿੱਚ ਸ਼ਾਮਲ ਹੋ ਗਏ ਹਨ।
ਓਨਟਾਰੀਓ ਤੋਂ ਕੰਜ਼ਰਵੇਟਿਵ ਐਮਪੀ ਡੇਵਿਡ ਸਵੀਟ ਉਹ ਸ਼ਖਸ ਹਨ ਜਿਨ੍ਹਾਂ ਉੱਤੇ ਵਿਦੇਸ਼ ਦਾ ਦੌਰਾ ਕਰਨ ਲਈ ਗਾਜ਼ ਡਿੱਗੀ ਹੈ। ਪ੍ਰਾਪਰਟੀ ਦੇ ਕਿਸੇ ਮੁੱਦੇ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਪਿੱਛੇ ਜਿਹੇ ਅਮਰੀਕਾ ਦਾ ਦੌਰਾ ਕੀਤਾ ਗਿਆ ਪਰ ਫਿਰ ਉਹ ਮਨੋਰੰਜਨ ਲਈ ਹੀ ਉੱਥੇ ਰੁਕ ਗਏ। ਇਸ ਸਬੰਧ ਵਿੱਚ ਉਨ੍ਹਾਂ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਤੇ ਪਾਰਟੀ ਦੇ ਵ੍ਹਿਪ ਨੂੰ ਵੀ ਜਾਣਕਾਰੀ ਦੇਣੀ ਜ਼ਰੂਰੀ ਨਹੀਂ ਸਮਝੀ। ਉਨ੍ਹਾਂ ਨੂੰ ਹਾਊਸ ਆਫ ਕਾਮਨਜ਼ ਦੀ ਐਕਸੈੱਸ ਟੂ ਇਨਫਰਮੇਸ਼ਨ, ਪ੍ਰਾਈਵੇਸੀ ਤੇ ਐਥਿਕਸ ਕਮੇਟੀ ਦੇ ਚੇਅਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਐਲਾਨ ਵੀ ਕੀਤਾ ਕਿ ਉਹ ਅਗਲੀਆਂ ਫੈਡਰਲ ਚੋਣਾਂ ਵਿੱਚ ਖੜ੍ਹੇ ਨਹੀਂ ਹੋਣਗੇ। ਸਵੀਟ ਨੇ ਇਹ ਵੀ ਆਖਿਆ ਕਿ ਉਹ ਅਜੇ ਥੋੜ੍ਹਾ ਹੋਰ ਸਮਾਂ ਵਿਦੇਸ਼ ਹੀ ਰਹਿਣਗੇ ਤੇ ਜਲਦ ਕੈਨੇਡਾ ਪਰਤਣਗੇ।
ਇਸ ਤੋਂ ਪਹਿਲਾਂ ਪ੍ਰਾਪਤ ਜਾਣਕਾਰੀ ਅਨੁਸਾਰ ਕੰਜ਼ਰਵੇਟਿਵ ਐਮਪੀ ਰੌਨ ਲੀਪਰਟ ਮਾਰਚ ਤੋਂ ਲੈ ਕੇ ਹੁਣ ਤੱਕ ਦੋ ਵਾਰੀ ਅਮਰੀਕਾ ਦਾ ਦੌਰਾ ਕਰ ਚੁੱਕੇ ਹਨ। ਉਹ ਪਾਮ ਡੈਜ਼ਰਟ, ਕੈਲੇਫੋਰਨੀਆ ਸਥਿਤ ਆਪਣੇ ਘਰ ਦੀ ਮੇਨਟੇਨੈਂਸ ਦੇ ਮੁੱਦੇ ਨੂੰ ਲੈ ਕੇ ਉੱਥੇ ਗਏ। ਓਟੂਲ ਦੇ ਆਫਿਸ ਵੱਲੋਂ ਲੀਪਰਟ ਉੱਤੇ ਕਿਸੇ ਕਿਸਮ ਦੀਆਂ ਪਾਬੰਦੀਆਂ ਲਾਏ ਜਾਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਹ ਵੀ ਪਤਾ ਲੱਗਿਆ ਹੈ ਕਿ ਕੰਜ਼ਰਵੇਟਿਵ ਸੈਨੇਟਰ ਡੌਨ ਪਲੈਟ ਛੁੱਟੀਆਂ ਦੇ ਦਿਨਾਂ ਵਿੱਚ ਮੈਕਸਿਕੋ ਜਾ ਕੇ ਆਏ ਹਨ ਤੇ ਇਸ ਸਮੇਂ ਮੈਨੀਟੋਬਾ ਵਿਚਲੇ ਆਪਣੇ ਘਰ ਵਿੱਚ ਕੁਆਰਨਟੀਨ ਹਨ। ਓਟੂਲ ਵੱਲੋਂ ਇਸ ਗੱਲ ਉੱਤੇ ਕੋਈ ਟਿੱਪਣੀ ਨਹੀੱ ਕੀਤੀ ਗਈ ਕਿ ਕੀ ਪਲੈਟ ਨੂੰ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ ਜਾਂ ਨਹੀਂ।
ਲਿਬਰਲ ਤੇ ਐਨਡੀਪੀ ਐਮਪੀਜ਼ ਨੂੰ ਵੀ ਟਰੈਵਲ ਕਰਨ ਲਈ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਐਮਪੀਜ਼ ਖਿਲਾਫ ਕਾਰਵਾਈ ਹੋਈ ਹੈ ਉਨ੍ਹਾਂ ਵਿੱਚ ਐਨਡੀਪੀ ਦੀ ਐਮਪੀ ਨਿੱਕੀ ਐਸ਼ਟਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਗਰਮੀਆਂ ਦੌਰਾਨ ਵਿਦੇਸ਼ ਦਾ ਦੌਰਾ ਕਰਨ ਵਾਲੇ ਤਿੰਨ ਲਿਬਰਲ ਐਮਪੀਜ਼ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਲਿਬਰਲ ਵ੍ਹਿਪ ਮਾਰਕ ਹੌਲੈਂਡ ਦੇ ਆਫਿਸ ਨੇ ਆਖਿਆ ਕਿ ਇਹ ਤਿੰਨੇ ਆਪਣੇ ਪਰਿਵਾਰਕ ਮਾਮਲਿਆਂ ਦੇ ਸਬੰਧ ਵਿੱਚ ਵਿਦੇਸ਼ ਗਏ ਸਨ ਇਸ ਲਈ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਦੋ ਹੋਰ ਲਿਬਰਲ ਐਮਪੀਜ਼ ਵੱਲੋਂ ਹੌਲੈਂਡ ਦੇ ਆਫਿਸ ਨੂੰ ਆਪਣੇ ਟਰੈਵਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਇਸ ਲਈ ਉਨ੍ਹਾਂ ਨੂੰ ਵਾਧੂ ਪਾਰਲੀਆਮੈਂਟਰੀ ਜਿ਼ੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ।