ਹਿਊਸਟਨ, 2 ਜੂਨ

ਸ਼ੈੱਫ ਵਿਕਾਸ ਖੰਨਾ ਨੂੰ ਦੁਨੀਆ ਦੇ ਸਿਖਰਲੇ 10 ਸ਼ੈੱਫਾਂ ਵਿੱਚ ਥਾਂ ਮਿਲੀ ਹੈ। ਗਜ਼ਟ ਰੀਵਿਊ ਵਿੱਚ ਥਾਂ ਬਣਾਉਣ ਵਾਲਾ ਉਹ ਇੱਕੋ-ਇੱਕ ਭਾਰਤੀ ਸ਼ੈੱਫ ਹੈ। ਗਜ਼ਟ ਰੀਵੀਊ ਨੇ ਖੰਨਾ ਨੂੰ ਛੇਵਾਂ ਦਰਜਾ ਦਿੱਤਾ ਹੈ, ਜਦਕਿ ਬਰਤਾਨਵੀ ਸ਼ੈੱਫ ਗੌਰਡਨ ਰਮਸੇ ਪਹਿਲਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਹੋਇਆ ਹੈ। ਅੰਮ੍ਰਿਤਸਰ ਦਾ ਜੰਮਪਲ ਅਤੇ ਨਿਊਯਾਰਕ ਦਾ ਰਹਿਣ ਵਾਲਾ 50 ਸਾਲਾ ਖੰਨਾ ਭਾਰਤੀ ਪਕਵਾਨਾਂ ਨੂੰ ਦੁਨੀਆ ਪੱਧਰ ’ਤੇ ਲਿਜਾਣ ਲਈ ਜਾਣਿਆ ਜਾਂਦਾ ਹੈ। ਸ਼ੈੱਫ ਤੋਂ ਇਲਾਵਾ ਉਹ ਲੇਖਕ, ਫਿਲਮਸਾਜ਼ ਅਤੇ ਸਮਾਜ ਸੇਵਕ ਵੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ, ‘‘ਦੁਨੀਆ ਦੇ ਸਿਖਰਲੇ 10 ਸ਼ੈੱਫਾਂ ਦੀ ਸੂਚੀ ਵਿੱਚ ਸ਼ਾਮਲ ਹੋਣ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਆਪਣੇ ਮਾਰਗਦਰਸ਼ਕਾਂ ਦੀ ਸੰਗਤ ਕਰ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।’’ ਖੰਨਾ ਕੌਮੀ ਪੱਧਰ ’ਤੇ ਨਾਮਣਾ ਖੱਟਣ ਵਾਲਾ ਪਹਿਲਾ ਭਾਰਤੀ ਸ਼ੈੱਫ ਹੈ। 2011 ਤੋਂ ਨਿਊਯਾਰਕ ਵਿੱਚ ਚੱਲ ਰਹੇ ਉਸ ਦੇ ਰੈਸਤਰਾਂ ‘ਜਨੂੰਨ’ ਨੂੰ ਮਿਸ਼ੇਲਿਨ ਸਟਾਰ ਮਿਲ ਚੁੱਕਿਆ ਹੈ।