ਨਵੀਂ ਦਿੱਲੀ— ਭਾਰਤ ਖਿਲਾਫ ਵਨਡੇ ਲੜੀ ਨੂੰ ਗੁਆਉਣ ਦੇ ਬਾਅਦ ਆਸਟ੍ਰੇਲੀਆਈ ਉਪ ਕਪਤਾਨ ਡੇਵਿਡ ਵਾਰਨਰ ਨੇ ਅੱਜ ਕਿਹਾ ਕਿ ਉਸ ਦੀ ਟੀਮ ਭਾਰਤ ਵਿਰੁੱਧ ਵਾਪਸੀ ਕਰਨ ਦੀ ਕੋਸ਼ਿਸ਼ ਕਰਨਾ ਨਹੀਂ ਛੱਡੇਗੀ ਤੇ ਆਗਾਮੀ ਏਸ਼ੇਜ਼ ਤੋਂ ਪਹਿਲਾਂ ਟੀਮ ਲੈਅ ਵਿਚ ਆਉਣਾ ਚਾਹੇਗੀ।
ਵਾਰਨਰ ਨੇ ਅੱਜ ਇਥੇ ਕਿਹਾ, ”ਸੀਰੀਜ਼ ਹਾਰ ਜਾਣਾ ਨਿਰਾਸ਼ਾਜਨਕ ਹੈ ਕਿਉਂਕਿ ਅਸੀਂ ਆਪਣੇ ਦੇਸ਼ ਲਈ ਖੇਡਦੇ ਹਾਂ ਤੇ ਅਸੀਂ ਇਹ ਕਰਨਾ ਪਸੰਦ ਕਰਦੇ ਹਾਂ, ਜਿਸ ਵਿਚ ਸਾਨੂੰ ਬਹੁਤ ਮਜ਼ਾ ਆਉਂਦਾ ਹੈ। ਸਨਮਾਨ ਦਾਅ ‘ਤੇ ਹੈ।”
ਉਸ ਨੇ ਕਿਹਾ, ”ਨਿਸ਼ਚਿਤ ਤੌਰ ‘ਤੇ ਇਸ ਤੋਂ ਬਾਅਦ ਅਸੀਂ 3 ਟੀ-20 ਮੈਚ ਵੀ ਖੇਡਣੇ ਹਨ ਤੇ ਅਸੀਂ ਇਸ ਵਿਚ ਵੀ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਬਚੇ ਹੋਏ ਵਨ ਡੇ ਮੁਕਾਬਲਿਆਂ ਤੇ ਟੀ-20 ਮੈਚਾਂ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ ਤਾਂ ਕਿ ਏਸ਼ੇਜ਼ ਤੋਂ ਪਹਿਲਾਂ ਅਸੀਂ ਲੈਅ ਵਿਚ ਪਰਤ ਸਕੀਏ।
ਇਸ ਲੜੀ ਬਾਰੇ ਵਾਰਨਰ ਨੇ ਕਿਹਾ ਕਿ ਮਹਿਮਾਨ ਟੀਮ ਨੂੰ ਇਸ ਵਾਰ ਭਾਰਤ ਵਿਚ ਹਾਲਾਤ ਨਾਲ ਤਾਲਮੇਲ ਬਿਠਾਉਣ ਵਿਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਕਿਹਾ, ”ਆਪਣੀ ਗੱਲ ਕਰਾਂ ਤਾਂ ਇਹ ਭਾਰਤ ਵਿਚ ਮੇਰੀ ਪਹਿਲੀ ਵਨ ਡੇ ਸੀਰੀਜ਼ ਹੈ। ਇਸ ਲਈ ਪਹਿਲੀ ਵਾਰ ਇਥੇ ਆ ਕੇ ਦੋ ਨਵੀਆਂ ਸਫੈਦ ਗੇਂਦਾਂ ਨਾਲ ਵਨ ਡੇ ਖੇਡਣਾ ਬਹੁਤ ਵੱਖਰਾ ਸੀ। ਪਹਿਲੇ ਦੋ ਮੈਚ ਕਾਫੀ ਵੱਖ ਰਹੇ।”
ਵਾਰਨਰ ਨੇ ਵੀਰਵਾਰ ਨੂੰ ਆਪਣਾ 100ਵਾਂ ਵਨ ਡੇ ਖੇਡਣਾ ਹੈ, ਜਦਕਿ ਕਪਤਾਨ ਸਟੀਵ ਸਮਿਥ ਨੇ ਮੌਜੂਦਾ ਸੀਰੀਜ਼ ਦੇ ਦੂਜੇ ਵਨ ਡੇ ਦੌਰਾਨ ਇਹ ਪ੍ਰਾਪਤੀ ਹਾਸਲ ਕਰ ਲਈ ਸੀ।
ਉਸ ਨੇ ਕਿਹਾ, ”ਇਹ ਮੇਰੇ ਤੇ ਮੇਰੇ ਪਰਿਵਾਰ ਲਈ ਸ਼ਾਨਦਾਰ ਪ੍ਰਾਪਤੀ ਹੈ। ਮੈਂ ਅੱਜ ਜੋ ਕੁਝ ਵੀ ਹਾਂ, ਮੈਨੂੰ ਉਸ ‘ਤੇ ਮਾਣ ਹੈ। ਐੱਮ. ਸੀ. ਜੀ. ਵਿਚ 90 ਹਜ਼ਾਰ ਲੋਕਾਂ ਸਾਹਮਣੇ ਟੀ-20 ਖੇਡ ਕੇ ਅਤੇ ਵਨ ਡੇ ਸਵਰੂਪ ਵਿਚ ਦੋ ਮੈਚਾਂ ਵਿਚ ਆਸਟ੍ਰੇਲੀਆ ਦੀ ਅਗਵਾਈ ਕਰਨ ਤੋਂ ਬਾਅਦ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਥੇ ਇੰਨੀ ਤੇਜ਼ੀ ਨਾਲ ਪਹੁੰਚ ਜਾਵਾਂਗਾ ਪਰ ਮੈਂ ਆਪਣੇ ਕਰੀਅਰ ਦੇ ਸ਼ੁਰੂਆਤੀ ਗੇੜ ‘ਚ ਕਾਫੀ ਕੁਝ ਸਿੱਖਿਆ ਹੈ।”