ਮੁੰਬਈ, 17 ਸਤੰਬਰ

ਬਰਖ਼ਾਸਤ ਪੁਲੀਸ ਅਧਿਕਾਰੀ ਸਚਿਨ ਵਾਜੇ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਮਹਾਰਾਸ਼ਟਰ ਦੇ ਟਰਾਂਸਪੋਰਟ ਮੰਤਰੀ ਅਨਿਲ ਪਰਬ ਅਤੇ ਉਨ੍ਹਾਂ ਦੇ ਤੱਤਕਾਲੀ ਕੈਬਨਿਟ ਸਹਿਯੋਗੀ ਅਨਿਲ ਦੇਖਮੁਖ ਨੇ ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਜਾਰੀ ਤਬਾਦਲੇ ਦੇ ਆਦੇਸ਼ਾਂ ਨੂੰ ਰੋਕਣ ਦੇ ਬਦਲੇ ਸ਼ਹਿਰ ਦੇ 10 ਡਿਪਟੀ ਪੁਲੀਸ ਕਮਿਸ਼ਨਰਾਂ (ਡੀਸੀਪੀਜ਼) ਤੋਂ 40 ਕਰੋੜ ਰੁਪਏ ਦੀ ਰਿਸ਼ਵਤ ਲਈ ਸੀ। ਇਹ ਬਿਆਨ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦੇਸ਼ਮੁਖ ਦੇ ਸਾਬਕਾ ਨਿੱਜੀ ਸਕੱਤਰ ਸੰਜੀਵ ਪਲਾਂਡੇ ਅਤੇ ਨਿੱਜੀ ਸਹਾਇਕ ਕੁੰਦਨ ਸ਼ਿੰਦੇ ਵਿਰੁੱਧ ਮਨੀ ਲਾਂਡਰਿੰਗ ਮਾਮਲੇ ਵਿੱਚ ਹਾਲ ਹੀ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਦਾ ਹਿੱਸਾ ਹੈ।