ਮੁੰਬਈ:ਅਦਾਕਾਰਾ ਉਰਵਸ਼ੀ ਰੌਟੇਲਾ ਨੇ ਕਿਹਾ ਕਿ ਮਿਸਰ ਦੇ ਅਦਾਕਾਰ ਮੁਹੰਮਦ ਰਮਾਦਾਨ ਨਾਲ ਆਈ ਉਸ ਦੀ ਪਹਿਲੀ ਕੌਮਾਂਤਰੀ ਸੰਗੀਤਕ ਐਲਬਮ ‘ਵਰਸਾਚੇ ਬੇਬੀ’ ਤੋਂ ਹੋਣ ਵਾਲੀ ਸਾਰੀ ਕਮਾਈ ਤੇ ਉਸ ਦੀ ਆਪਣੀ ਕਮਾਈ ਕੋਵਿਡ-19 ਵਿਰੁੱਧ ਜੰਗ ਲੜ ਰਹੇ ਭਾਰਤ ਅਤੇ ਫਲਸਤੀਨ ਰੈੱਡ ਕ੍ਰੀਸੈਂਟ ਸੁਸਾਇਟੀ ਨੂੰ ਦਾਨ ਵਜੋਂ ਦਿੱਤੀ ਜਾਵੇਗੀ। ਉਸ ਨੇ ਕਿਹਾ, ‘ਮੁਲਕ ਦੀ ਕੋਵਿਡ-19 ਵਿਰੁੱਧ ਲੜਾਈ ਦੇ ਮਹਾਨ ਕਾਰਜ ਦਾ ਹਿੱਸਾ ਬਣ ਕੇ ਮੈਂ ਖੁਸ਼ ਹਾਂ। ਪਿਛਲੇ ਸਾਲ ਤੋਂ, ਜਦੋਂ ਇਸ ਮਹਾਮਾਰੀ ਨੇ ਸਾਡੇ ਦੇਸ਼ ਤੇ ਸੰਸਾਰ ’ਚ ਤਬਾਹੀ ਮਚਾਈ, ਅਸੀਂ ਕੋਵਿਡ-19 ਨਾਲ ਲੜਨ ਲਈ ਯਤਨਸ਼ੀਲ ਹਾਂ। ਇਸ ਸਮਕਾਲੀ ਸਥਿਤੀ ਨੇ ਸਾਨੂੰ ਇਸ ਔਖੇ ਸਮੇਂ ਹੋਰ ਵਧੇਰੇ ਦਾਨ ਕਰਨ ਦੀ ਸਮਰਥਾ ਬਖਸ਼ੀ ਹੈ।’ਉਰਵਸ਼ੀ ਨੇ ਕਿਹਾ ਕਿ ਦੇਸ਼ ਗੰਭੀਰ ਸਥਿਤੀ ਵਿੱਚੋਂ ਲੰਘ ਰਿਹਾ ਹੈ। ਉਸ ਨੇ ਕਿਹਾ, ‘ਮੁਹੰਮਦ ਅਤੇ ਮੈਂ ਕੋਵਿਡ-19 ਵਿਰੁੱਧ ਲੜਾਈ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਲਈ ਵਚਨਬੱਧ ਹਾਂ। ਅਸੀਂ ਮਹਾਮਾਰੀ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਫਲਸਤੀਨ ਰੈੱਡ ਕ੍ਰੀਸੈਂਟ ਸੁਸਾਇਟੀ ਨੂੰ ਵੀ ਦਾਨ ਦੇ ਰਹੇ ਹਾਂ।’ ਉਰਵਸ਼ੀ ਨੇ ਅੱਜ ਸੋਸ਼ਲ ਮੀਡੀਆ ’ਤੇ ਵੀ ਦਾਨ ਬਾਰੇ ਖ਼ਬਰਾਂ ਸਾਂਝੀਆਂ ਕੀਤੀਆਂ। ਉਸ ਨੇ ਰਮਾਦਾਨ ਨਾਲ ਇੱਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਵੀਡੀਓ ਕਲਿੱਪ ਨਾਲ ਉਸ ਨੇ ਲਿਖਿਆ, ‘ਆਪਣੇ ਪਸੰਦੀਦਾ ਹਿੰਦੀ ਵਿਦਿਆਰਥੀ ਮੁਹੰਮਦ ਰਮਦਾਨ ਦੇ ਨਾਲ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਈਦ ਮੁਬਾਰਕ! ਇਹ ਸਾਰਿਆਂ ਲਈ ਖੁਸ਼ਹਾਲੀ ਲੈ ਕੇ ਆਵੇ। ਦੁਨੀਆ ਭਰ ਦੇ ਮੇਰੇ ਸਾਰੇ ਮੁਸਲਮਾਨ ਪ੍ਰਸ਼ੰਸਕਾਂ ਅਤੇ ਅਜ਼ੀਜ਼ਾਂ ਲਈ ਸੁਰੱਖਿਅਤ ਅਤੇ ਖੁਸ਼ ਈਦ ਹੋਵੇ।’