ਓਟਵਾ, 2 ਦਸੰਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੈਨੇਡਾ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਕੋਵਿਡ-19 ਆਊਟਬ੍ਰੇਕ ਨੂੰ ਨਿਯੰਤਰਿਤ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਅਮਰੀਕਾ ਨਾਲ ਗੈਰ ਜ਼ਰੂਰੀ ਟਰੈਵਲ ਉੱਤੇ ਲੱਗੀਆਂ ਪਾਬੰਦੀਆਂ ਖ਼ਤਮ ਨਹੀਂ ਕੀਤੀਆਂ ਜਾਣਗੀਆਂ|
ਟਰੂਡੋ ਨੇ ਮੰਗਲਵਾਰ ਨੂੰ ਰੋਜ਼ਾਨਾ ਬ੍ਰੀਫਿੰਗ ਦੌਰਾਨ ਆਖਿਆ ਕਿ ਕੈਨੇਡਾ ਤੇ ਅਮਰੀਕਾ ਨੇ ਮਾਰਚ ਵਿੱਚ ਇਨ੍ਹਾਂ ਪਾਬੰਦੀਆਂ ਲਈ ਸਹਿਮਤੀ ਪ੍ਰਗਟਾਈ ਸੀ ਤੇ ਉਦੋਂ ਤੋਂ ਹੀ ਹਰ ਮਹੀਨੇ ਇਨ੍ਹਾਂ ਪਾਬੰਦੀਆਂ ਨੂੰ ਮੁੜ ਨੰਵਿਆਇਆ ਜਾ ਰਿਹਾ ਹੈ| ਵਾਇਰਸ ਦੇ ਪਸਾਰ ਨੂੰ ਰੋਕਣ ਲਈ ਛੁੱਟੀਆਂ ਮਨਾਉਣ ਲਈ, ਦਿਨ ਵੇਲੇ ਘੁੰਮਣ ਫਿਰਨ ਤੇ ਸਰਹੱਦੋਂ ਆਰ ਪਾਰ ਸ਼ਾਪਿੰਗ ਲਈ ਜਾਣ ਉੱਤੇ ਮਨਾਹੀ ਹੈ| ਪਰ ਇਸ ਟਰੈਵਲ ਬੈਨ ਤਹਿਤ ਉਨ੍ਹਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਜਿਨ੍ਹਾਂ ਨੇ ਜ਼ਰੂਰੀ ਵਸਤਾਂ, ਅਸੈਂਸ਼ੀਅਲ ਸਰਵਿਸਿਜ਼, ਜਿਵੇਂ ਕਿ ਟਰੱਕਰਜ਼ ਤੇ ਹਾਸਪਿਟਲ ਸਟਾਫ, ਦੇਣ ਲਈ ਸਰਹੱਦ ਪਾਰ ਕਰਨੀ ਹੁੰਦੀ ਹੈ|
ਇਨ੍ਹਾਂ ਪਾਬੰਦੀਆਂ ਦੀ ਅਹਿਮੀਅਤ ਇਸ ਲਈ ਵੀ ਕਾਫੀ ਜ਼ਿਆਦਾ ਹੈ ਕਿਉਂਕਿ ਅਮਰੀਕਾ ਵਿੱਚ ਕਰੋਨਾਵਾਇਰਸ ਕਾਰਨ 100,000 ਲੋਕ ਹਸਪਤਾਲ ਦਾਖਲ ਹਨ, ਵਾਇਰਸ ਨੂੰ ਖ਼ਤਮ ਕਰਨ ਲਈ ਅਜੇ ਤੱਕ ਵੈਕਸੀਨ ਸ਼ੁਰੂ ਨਹੀਂ ਕੀਤੀ ਗਈ| ਪਿੱਛੇ ਜਿਹੇ ਅਮਰੀਕਾ ਦੇ ਉੱਘੇ ਹੈਲਥ ਮਾਹਿਰ ਡਾæ ਐਂਥਨੀ ਫਾਓਚੀ ਨੇ ਇਹ ਸਵੀਕਾਰ ਕੀਤਾ ਸੀ ਕਿ ਅਮੈਰੀਕਨ ਥੈਂਕਸਗਿਵਿੰਗ ਤੇ ਲੋੜੋਂ ਵੱਧ ਟਰੈਵਲ ਕਰਨ ਕਾਰਨ ਅਮਰੀਕਾ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਇਆ ਹੈ| ਇਸ ਦੌਰਾਨ ਟਰੂਡੋ ਨੇ ਆਖਿਆ ਕਿ ਫੈਡਰਲ ਸਰਕਾਰ ਨੇ ਪਰਿਵਾਰਕ ਮੈਂਬਰਾਂ ਨੂੰ ਇੱਕਜੁੱਟ ਕਰਨ ਲਈ ਕੁੱਝ ਹੱਦ ਤੱਕ ਛੋਟ ਦਿੱਤੀ ਹੈ|