ਲੰਡਨ:ਅਦਾਕਾਰਾ ਤੇ ਲੇਖਿਕਾ ਟਵਿੰਕਲ ਖੰਨਾ ਨੇ ਹਾਲ ਹੀ ਵਿੱਚ ਲੰਡਨ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਦੇ ਪੁੱਤਰ ਆਰਵ ਭਾਟੀਆ ਦਾ ਕਹਿਣਾ ਹੈ ਕਿ ਲੰਡਨ ਦੀ ਹੱਡੀ ਚੀਰਵੀਂ ਠੰਢ ਕਰ ਕੇ ਕਈ ਵਾਰ ਉਹ ਐਨੇ ਸਾਰੇ ਗਰਮ ਕੱਪੜੇ ਪਾ ਲੈਂਦੀ ਹੈ ਕਿ ਉਹ ਉਸ ਨੂੰ ਹਿਮ ਮਾਨਵ ਲੱਗਣ ਲੱਗ ਪੈਂਦੀ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਅਦਾਕਾਰਾ ਨੇ ਇੱਕ ਸਵਿਮਿੰਗ ਪੂਲ ਦੇ ਕੰਢੇ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘‘ਕੀ ਹਿਮ ਮਾਨਵ ਧੁੱਪ ਦੇ ਸੁਫ਼ਨੇ ਲੈਂਦੇ ਹਨ? ਲੰਡਨ ਦੀ ਹੱਡ ਚੀਰਵੀਂ ਠੰਢ ਵਿੱਚ ਗਰਮ ਕੱਪੜਿਆਂ ਦੀਆਂ ਕਈ ਪਰਤਾਂ ਚੜ੍ਹਾ ਕੇ, ਸਵੈਟਰ, ਗਰਮ ਜੁਰਾਬਾਂ ਤੇ ਕੋਟ ਪਾਉਣ ਮਗਰੋਂ ਮੇਰਾ ਪੁੱਤਰ ਆਖਦਾ ਹੈ ਕਿ ਹੁਣ ਇਸ ਗੱਲ ਦਾ ਪ੍ਰਮਾਣ ਮਿਲ ਗਿਆ ਹੈ ਕਿ ਸੱਚਮੁੱਚ ਹਿਮ ਮਾਨਵ ਹੁੰਦੇ ਹਨ। ਮੈਂ ਧੁੱਪ ਦੇ ਸੁਫ਼ਨੇ ਲੈ ਕੇ ਖ਼ੁਦ ਨੂੰ ਨਿੱਘਾ ਰੱਖਣ ਦਾ ਯਤਨ ਕਰ ਰਹੀ ਹਾਂ।’’ ਟਵਿੰਕਲ ਨੇ ਵਿਆਹ ਮਰਗੋਂ ਅਦਾਕਾਰੀ ਛੱਡ ਦਿੱਤੀ ਸੀ ਤੇ 2015 ਵਿੱਚ ਉਸ ਨੇ ਆਪਣੇ ਪਹਿਲੀ ਕਿਤਾਬ ‘ਮਿਸਿਜ਼ ਫਨੀਬੋਨਜ਼’ ਰਿਲੀਜ਼ ਕੀਤੀ ਸੀ। ਉਸ ਨੇ ਆਪਣੀ ਦੂਸਰੀ ਕਿਤਾਬ ‘ਦਿ ਲੈਜੇਂਡ ਆਫ਼ ਲਕਸ਼ਮੀ ਪ੍ਰਸਾਦ’ 2017 ਵਿੱਚ ਲਿਖੀ ਸੀ ਤੇ ਉਸ ਤੋਂ ਅਗਲੇ ਸਾਲ ਉਸ ਦੀ ਅਗਲੀ ਕਿਤਾਬ ‘ਪਜਾਮਾਜ਼ ਆਰ ਫੌਰਗਿਵਿੰਗ’ ਆਈ ਸੀ।