ਓਟਵਾ,19 ਜਨਵਰੀ : ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਫੈਡਰਲ ਕੰਜ਼ਰਵੇਟਿਵਾਂ ਨੂੰ ਲਿਬਰਲਾਂ ਉੱਤੇ ਸੱਤ ਅੰਕਾਂ ਦੀ ਲੀਡ ਹਾਸਲ ਹੋ ਗਈ ਹੈ।
13 ਜਨਵਰੀ ਨੂੰ ਮੁੱਕੇ ਹਫਤੇ ਦੌਰਾਨ ਕੀਤੀਆਂ ਗਈਆਂ 1084 ਇੰਟਰਵਿਊਜ਼ ਅਨੁਸਾਰ ਜੇ ਅੱਜ ਹੀ ਚੋਣਾਂ ਕਰਵਾਈਆਂ ਜਾਣ ਤਾ ਪਿਏਰ ਪੌਲੀਏਵਰ ਦੀ ਅਗਵਾਈ ਵਾਲੇ ਕੰਜ਼ਰਵੇਟਿਵਾਂ ਨੂੰ 35·6 ਫੀ ਸਦੀ ਵੋਟਾਂ ਹਾਸਲ ਹੋਣ ਜਦਕਿ ਲਿਬਰਲਾਂ ਨੂੰ 28·3 ਫੀ ਸਦੀ, ਐਨਡੀਪੀ ਨੂੰ 20·7 ਫੀ ਸਦੀ, ਬਲਾਕ ਨੂੰ 7·4 ਫੀ ਸਦੀ, ਗ੍ਰੀਨ ਪਾਰਟੀ ਨੂੰ 5·8 ਫੀ ਸਦੀ ਤੇ ਪੀਪਲਜ਼ ਪਾਰਟੀ ਨੂੰ 2·1 ਫੀ ਸਦੀ ਵੋਟਾਂ ਮਿਲਣ। ਦਸੰਬਰ ਤੋਂ ਹੀ ਕੰਜ਼ਰਵੇਟਿਵ ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਐਨਡੀਪੀ ਨੂੰ ਵੀ ਫਾਇਦਾ ਹੋ ਰਿਹਾ ਹੈ ਤੇ ਇਸ ਨਾਲ ਲਿਬਰਲਾਂ ਨੂੰ ਦੋਵਾਂ ਪਾਸਿਆਂ ਤੋਂ ਖੋਰਾ ਲੱਗ ਰਿਹਾ ਹੈ।
ਇੱਕ ਇੰਟਰਵਿਊ ਵਿੱਚ ਨੈਨੋਜ਼ ਰਿਸਰਚ ਦੇ ਬਾਨੀ ਨਿੱਕ ਨੈਨੋਜ਼ ਨੇ ਇਨ੍ਹਾਂ ਅੰਕੜਿਆਂ ਨੂੰ ਲਿਬਰਲਾਂ ਲਈ ਕਾਫੀ ਮਾੜਾ ਦੱਸਿਆ। ਨੈਨੋਜ਼ ਨੇ ਆਖਿਆ ਕਿ ਲਿਬਰਲਾਂ ਲਈ ਇਨ੍ਹਾਂ ਅੰਕੜਿਆਂ ਨਾਲ ਸਾਲ ਦੀ ਸ਼ੁਰੂਆਤ ਕਰਨਾ ਕਾਫੀ ਮਾੜਾ ਹੈ।ਇੰਜ ਲੱਗ ਰਿਹਾ ਹੈ ਕਿ ਬਹੁਤੇ ਕੈਨੇਡੀਅਨਜ਼ ਇਸ ਸਮੇਂ ਕੰਜ਼ਰਵੇਟਿਵਾਂ ਵੱਲ ਵੇਖ ਰਹੇ ਹਨ।