ਟੋਰਾਂਟੋ, ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਡੱਗ ਫੋਰਡ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਮਰਹੂਮ ਭਰਾ ਰੌਬ ਫੋਰਡ ਦੀ ਜਾਇਦਾਦ ਨਾਲ ਕੋਈ ਛੇੜਛਾੜ ਕੀਤੀ ਹੈ ਤੇ ਉਸ ਦੀ ਵਿਧਵਾ ਤੇ ਦੋ ਬੱਚਿਆਂ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ।
ਰੇਨਾਟਾ ਫੋਰਡ ਤੇ ਉਨ੍ਹਾਂ ਦੇ ਦੋ ਬੱਚਿਆਂ ਵੱਲੋਂ ਓਨਟਾਰੀਓ ਦੀ ਸਰਬਉੱਚ ਅਦਾਲਤ ਵਿੱਚ ਡੱਗ ਫੋਰਡ ਖਿਲਾਫ ਕੇਸ ਦਾਇਰ ਕਰਵਾਇਆ ਗਿਆ ਹੈ ਜਿਸ ਵਿੱਚ ਇਹ ਦੋਸ਼ ਲਾਏ ਗਏ ਹਨ। ਪਰ ਅਜੇ ਇਹ ਦੋਸ਼ ਅਦਾਲਤ ਵਿੱਚ ਸਿੱਧ ਨਹੀਂ ਹੋਏ ਹਨ। ਰੇਨਾਟਾ ਫੋਰਡ ਨੇ ਡੱਗ ਫੋਰਡ, ਜੋ ਕਿ ਉਸ ਦੇ ਪਤੀ ਦੀ ਜਾਇਦਾਦ ਦਾ ਟਰਸਟੀ ਸੀ, ਤੇ ਉਸ ਦੇ ਭਰਾ ਰੈਂਡੀ ਉੱਤੇ ਵਿਸ਼ਵਾਸਘਾਤ ਕਰਨ ਤੇ ਪਰਿਵਾਰਕ ਕਾਰੋਬਾਰ ਦੀ ਅਣਗਹਿਲੀ ਨਾਲ ਸੰਭਾਲ ਕਰਨ ਤੇ ਗਲਤ ਪ੍ਰਬੰਧਨ ਕਰਨ ਦਾ ਦੋਸ਼ ਵੀ ਲਾਇਆ। ਇਹ ਕਾਰੋਬਾਰ ਉਨ੍ਹਾਂ ਦੇ ਪਿਤਾ ਵੱਲੋਂ ਸ਼ੁਰੂ ਕੀਤਾ ਗਿਆ ਸੀ।
ਆਪਣੇ ਵੱਲੋਂ ਲਾਏ ਦੋਸ਼ਾਂ ਵਿੱਚ ਰੇਨਾਟਾ ਨੇ ਆਖਿਆ ਕਿ ਡੱਗ ਫੋਰਡ ਸੀਨੀਅਰ ਦੀ ਮੌਤ ਤੋਂ ਬਾਅਦ ਡੀਕੋ ਕੰਪਨੀਜ਼ ਦੀ ਮੈਨੇਜਮੈਂਟ ਤੇ ਡਾਇਰੈਕਸ਼ਨ ਦੀ ਜਿੰ਼ਮੇਵਾਰੀ ਡੱਗ ਫੋਰਡ ਤੇ ਰੈਂਡੀ ਫੋਰਡ ਦੀ ਮੰਨ ਲਈ ਗਈ। ਇਨ੍ਹਾਂ ਦੋਵਾਂ ਨੇ ਕੰਪਨੀ ਨੂੰ ਵੱਡਾ ਨੁਕਸਾਨ ਪਹੁੰਚਾਇਆ। ਇਹ ਵੀ ਆਖਿਆ ਗਿਆ ਕਿ ਡੱਗ ਤੇ ਰੈਂਡੀ ਫੋਰਡ ਨੂੰ ਡੀਕੋ ਕੰਪਨੀਜ਼ ਤੋਂ ਵੱਡੀਆਂ ਤਨਖਾਹਾਂ, ਬੋਨਸ, ਟਰੈਵਲ ਤੇ ਕਾਰ ਅਲਾਉਐਂਸ ਤੇ ਹੋਰ ਫਾਇਦੇ ਮਿਲਦੇ ਰਹੇ, ਇਹ ਸੱਭ ਵੀ ਉਦੋਂ ਜਦੋਂ ਇਹ ਕਾਰੋਬਾਰ ਸਹੀ ਵਿੱਤੀ ਕਾਰਗੁਜ਼ਾਰੀ ਨਹੀਂ ਸੀ ਵਿਖਾ ਰਿਹਾ।
ਇਸ ਮਾਮਲੇ ਵਿੱਚ ਇਹ ਦੋਸ਼ ਵੀ ਲਾਇਆ ਗਿਆ ਕਿ 2016 ਵਿੱਚ ਰੌਬ ਫੋਰਡ ਦੀ ਮੌਤ ਤੋਂ ਬਾਅਦ ਡੱਗ ਫੋਰਡ ਨੇ ਸੋਚਦਿਆਂ ਸਮਝਦਿਆਂ ਤੇ ਜਾਣਬੁੱਝ ਕੇ ਰੇਨਾਟਾ ਫੋਰਡ ਤੇ ਉਸ ਦੇ ਬੱਚਿਆਂ ਨੂੰ ਤਣਾਅਭਰੀ ਜਿੰ਼ਦਗੀ ਜਿਊਣ ਤੇ ਵਿੱਤੀ ਪੱਖੋਂ ਤੰਗ ਹਾਲਾਤ ਵਿੱਚ ਰਹਿਣ ਲਈ ਮਜਬੂਰ ਕੀਤਾ। ਇਸ ਮਾਮਲੇ ਵਿੱਚ 15 ਮਿਲੀਅਨ ਡਾਲਰ ਹਰਜ਼ਾਨੇ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸੋਮਵਾਰ ਨੂੰ ਡੱਗ ਫੋਰਡ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਇਹ ਦੋਸ਼ ਸਰਾਸਰ ਗਲਤ ਹਨ ਤੇ ਉਹ ਅਦਾਲਤ ਵਿੱਚ ਇਸ ਸਬੰਧੀ ਲੜਾਈ ਲੜਨਗੇ।