ਨਵੀਂ ਦਿੱਲੀ:ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵਿਚਲੇ ਸੂਤਰਾਂ ਦੀ ਮੰਨੀਏ ਤਾਂ ਰੋਹਿਤ ਸ਼ਰਮਾ ਇਕ ਰੋਜ਼ਾ ਤੇ ਟੈਸਟ ਟੀਮ ਦੇ ਕਪਤਾਨ ਬਣੇ ਰਹਿਣਗੇ। ਸੂਤਰਾਂ ਮੁਤਾਬਕ ਬੋਰਡ ਨੂੰ ਕ੍ਰਿਕਟ ਦੀਆਂ ਇਨ੍ਹਾਂ ਰਵਾਇਤੀ ਵੰਨਗੀਆਂ ਵਿੱਚ ਰੋਹਿਤ ਦੀ ਅਗਵਾਈ ਨੂੰ ਲੈ ਕੇ ਕੁਝ ਵੀ ਗ਼ੈਰਤਸੱਲੀਬਖ਼ਸ਼ ਨਹੀਂ ਮਿਲਿਆ। ਇਸ ਦੌਰਾਨ 20 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇਸ ਸਾਲ ਖੇਡੇ ਜਾਣ ਵਾਲੇ ਕ੍ਰਿਕਟ ਵਿਸ਼ਵ ਕੱਪ ਤੱਕ ਰੋਟੇਸ਼ਨ ਵਿੱਚ ਖੇਡਣ ਦਾ ਮੌਕਾ ਦਿੱਤਾ ਜਾਵੇਗਾ। ਕ੍ਰਿਕਟ ਬੋਰਡ ਵਿਚਲੇ ਸੂਤਰ ਨੇ ਆਪਣੀ ਪਛਾਣ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਰੋਹਿਤ ਟੈਸਟ ਤੇ ਇਕ ਰੋਜ਼ਾ ਖੇਡ ਵੰਨਗੀ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਦੇ ਰਹਿਣਗੇ। ਕਪਤਾਨ ਵਜੋਂ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਕੋਈ ਵਿਚਾਰ ਚਰਚਾ ਨਹੀਂ ਹੋਈ। ਕ੍ਰਿਕਟ ਦੀਆਂ ਇਨ੍ਹਾਂ ਦੋਵਾਂ ਵੰਨਗੀਆਂ ’ਚ ਉਨ੍ਹਾਂ ਦੇ ਕਪਤਾਨੀ ਰਿਕਾਰਡ ਨੂੰ ਵੇਖੀਏ ਤਾਂ ਇਹ ਬਹੁਤ ਪ੍ਰਭਾਵਸ਼ਾਲੀ ਹੈ।’’ ਬੀਸੀਸੀਆਈ ਵੱਲੋਂ ਸੱਦੀ ਨਜ਼ਰਸਾਨੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਕਿਹਾ, ‘‘ਬੀਸੀਸੀਆਈ ਨੇ 20 ਖਿਡਾਰੀ ਸ਼ਾਰਟਲਿਸਟ ਕੀਤੇ ਹਨ, ਜਿਨ੍ਹਾਂ ਨੂੰ ਅਗਾਮੀ 50 ਓਵਰਾਂ ਦੇ ਆਈਸੀਸੀ ਵਿਸ਼ਵ ਕੱਪ ਤੱਕ ਰੋਟੇਸ਼ਨ ਵਿੱਚ ਖਿਡਾਇਆ ਜਾਵੇਗਾ।’’ ਮੁੰਬਈ ਵਿੱਚ ਹੋਈ ਮੀਟਿੰਗ ’ਚ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦਰਾਵਿੜ, ਬੀਸੀਸੀਆਈ ਪ੍ਰਧਾਨ ਰੋਜਰ ਬਿਨੀ ਤੋਂ ਇਲਾਵਾ ਸਾਬਕਾ ਚੋਣਕਾਰ ਚੇਤਨ ਸ਼ਰਮਾ ਵੀ ਸ਼ਾਮਲ ਸਨ। ਚਰਚਾ ਹੈ ਕਿ ਸ਼ਰਮਾ ਨੂੰ ਮੁੜ ਸੀਨੀਅਰ ਕੌਮੀ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਜਾ ਸਕਦਾ ਹੈ। ਜੇ ਚੇਅਰਮੈਨੀ ਨਾ ਮਿਲੀ ਤਾਂ ਉਨ੍ਹਾਂ ਨੂੰ ਉੱਤਰੀ ਜ਼ੋਨ ਦੇ ਨੁਮਾਇੰਦਾ ਵਜੋਂ ਮੌਕਾ ਮਿਲ ਸਕਦਾ ਹੈ। ਦੱਖਣੀ ਜ਼ੋਨ ਤੋਂ ਸਾਬਕਾ ਭਾਰਤੀ ਤੇਜ਼ ਗੇਂਦਬਾਜ ਵੈਂਕਟੇਸ਼ ਪ੍ਰਸਾਦ ਦਾ ਨਾਂ ਸੁਰਖੀਆਂ ’ਚ ਹੈ। ਪੂਰਬੀ ਜ਼ੋਨ ਤੋਂ ਸਾਬਕਾ ਸਲਾਮੀ ਬੱਲੇਬਾਜ਼ ਐੱਸ.ਐੱਸ.ਦਾਸ ਜਦੋਂਕਿ ਪੱਛਮੀ ਜ਼ੋਨ ਤੋਂ ਮੁਕੁੰਦ ਪਰਮਾਰ, ਸਲਿਲ ਅੰਕੋਲਾ ਤੇ ਸਮੀਰ ਡੀਗੇ ਮੁਕਾਬਲੇ ’ਚ ਹਨ।