ਮਾਸਕੋ, 19 ਦਸੰਬਰ

ਰੂਸੀ ਜਲ ਸੈਨਾ ਦੇ ਜੰਗੀ ਬੇੜੇ 21 ਦਸੰਬਰ ਨੂੰ ਚੀਨ ਨਾਲ ਸਾਂਝੇ ਜੰਗੀ ਅਭਿਆਸ ਵਿੱਚ ਹਿੱਸਾ ਲੈਣ ਲਈ ਤਿਆਰ ਹਨ। ਅਮਰੀਕਾ ਨਾਲ ਤਣਾਅ ਦੌਰਾਨ ਇਹ ਅਭਿਆਸ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਰੱਖਿਆ ਸਮਝੌਤਿਆਂ ਦਾ ਪ੍ਰਦਰਸ਼ਨ ਕਰੇਗਾ। ਰੂਸੀ ਰੱਖਿਆ ਮੰਤਰਲੇ ਨੇ ਦੱਸਿਆ ਕਿ ਵਰਯਾਗ ਮਿਜ਼ਾਈਲ ਕਰੂਜ਼ਰ, ਮਾਰਸ਼ਲ ਸ਼ਾਪੋਸ਼ਨੀਕੋਵ ਅਤੇ ਰੂਸੀ ਪ੍ਰਸ਼ਾਂਤ ਬੇੜੇ ਦੇ ਕੌਰਵੈਟਰ ਬੁੱਧਵਾਰ ਨੂੰ ਪੂਰਬੀ ਚੀਨ ਸਾਗਰ ਵਿੱਚ ਸ਼ੁਰੂ ਹੋ ਰਹੇ ਜੰਗੀ ਅਭਿਆਸ ਵਿੱਚ ਹਿੱਸਾ ਲੈਣਗੇ। ਮੰਤਰਾਲੇ ਮੁਤਾਬਕ ਚੀਨੀ ਜਲ ਸੈਨਾ ਵੱਲੋਂ ਅਭਿਆਸ ਲਈ ਕਈ ਬੇੜੇ ਅਤੇ ਇੱਕ ਪਣਡੁੱਬੀ ਤਾਇਨਾਤ ਕਰਨ ਦੀ ਯੋਜਨਾ ਹੈ। ਰੂਸ ਤੇ ਚੀਨ ਦੇ ਲੜਾਕੂ ਜਹਾਜ਼ ਵੀ ਅਭਿਆਸ ਵਿੱਚ ਹਿੱਸਾ ਲੈਣਗੇ। ਦੱਸਣਯੋਗ ਰੂਸ ਤੇ ਚੀਨ ਨੇ ਹਾਲੀਆ ਮਹੀਨਿਆਂ ਦੌਰਾਨ ਆਪਣੇ ਵਧ ਰਹੇ ਫੌਜੀ ਸਹਿਯੋਗ ਨੂੰ ਪ੍ਰਦਰਸ਼ਿਤ ਕੀਤਾ ਹੈ।