ਮੁੰਬਈ:ਅਦਾਕਾਰਾ ਰਾਧਿਕਾ ਆਪਟੇ ਨੇ ਅੱਜ ਇੱਥੇ ਕਿਹਾ ਕਿ ਉਸ ਨੇ ਆਪਣੀ ਆਉਣ ਵਾਲੀ ਫਿਲਮ ‘ਫੋਰੈਂਸਿਕ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਸੋਹਮ ਰੌਕਸਟਾਰ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਅਤੇ ਮਿਨੀ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਨ ‘ਕ੍ਰਿਮੀਨਲ ਜਸਟਿਸ’ ਲਈ ਜਾਣੇ ਜਾਂਦੇ ਵਿਸ਼ਾਲ ਫੁਰੀਆ ਨੇ ਕੀਤਾ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਜਾਣਕਾਰੀ ਦਿੰਦਿਆਂ ਸਹਿ-ਅਦਾਕਾਰ ਵਿਕਰਾਂਤ ਮੈਸੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਆਪਟੇ ਨੇ ਕੈਪਸ਼ਨ ਵਿੱਚ ਲਿਖਿਆ, ‘‘ਮੇਰੇ ਲਈ ਇਹ ਇੱਕ ਫਿਲਮ ਮੁਕੰਮਲ ਹੈ।’’ ਸੋਹਮ ਰੌਕਸਟਾਰ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਦੇ ਦੀਪਕ ਮੁਕਟ ਨੇ ਮਿਨੀ ਫਿਲਮਜ਼ ਦੇ ਬੈਨਰ ਹੇਠ ਮਾਨਸੀ ਬਾਗਲਾ ਅਤੇ ਵਰੁਣ ਬਾਗਲਾ ਨਾਲ ਮਿਲ ਕੇ ਇਹ ਫਿਲਮ ਪੇਸ਼ ਕੀਤੀ ਹੈ। ਫਿਲਮ ਦੇ ਸਹਿ-ਨਿਰਮਾਤਾ ਹੁਨਰ ਮੁਕਟ ਹਨ। ‘ਫੋਰੈਂਸਿਕ’ ਤੋਂ ਇਲਾਵਾ ਰਾਧਿਕਾ ਆਪਟੇ ਫਿਲਮਸਾਜ਼ ਵਸਨ ਬਾਲਾ ਦੀ ਫਿਲਮ ‘ਮੋਨਿਕਾ, ਓ ਮਾਇ ਡਾਰਲਿੰਗ’ ਵਿੱਚ ਵੀ ਦਿਖਾਈ ਦੇਵੇਗੀ। ਨੈੱਟਫਲਿਕਸ ’ਤੇ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਰਾਜਕੁਮਾਰ ਰਾਓ ਅਤੇ ਹੁਮਾ ਕੁਰੈਸ਼ੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।