ਜਲੰਧਰ, 19 ਦਸੰਬਰ

ਸੰਸਦ ਦੇ ਸਰਦ ਰੁੱਤ ਸ਼ੈਸ਼ਨ ਦੌਰਾਨ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਾਮਲਾ ਚੁੱਕਿਆ। ਉਨ੍ਹਾਂ ਇੱਕ ਰਿਪੋਰਟ ਦਾ ਹਵਾਲਾ ਦਿੰਦਿਆ ਦੱਸਿਆ ਕਿ 2017 ਤੋਂ 2021 ਤੱਕ 53,000 ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ ਕਿਉਂਕਿ ਉਨ੍ਹਾਂ ਨੂੰ ਫ਼ਸਲਾਂ ਦੀ ਢੁਕਵੀਂ ਕੀਮਤ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ 2021 ਵਿੱਚ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਜੋ ਮੰਗਾਂ ਮੰਨੀਆਂ ਸਨ, ਉਨ੍ਹਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕੁਦਰਤੀ ਖੇਤੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਕੋਲ ਖੇਤੀਯੋਗ ਰਕਬਾ ਸਿਰਫ 1.5 ਫੀਸਦੀ ਹੈ। ਦੇਸ਼ ਵਿੱਚ ਵਰਤੀਆਂ ਜਾਂਦੀਆਂ ਖਾਦਾਂ ਅਤੇ ਕੀਟਨਾਸ਼ਕ ਦਾ ਕੁੱਲ 9 ਫੀਸਦੀ ਹਿੱਸਾ ਸਿਰਫ਼ ਪੰਜਾਬ ਵਰਤ ਰਿਹਾ। ਇਸ ਨਾਲ ਧਰਤੀ ਪ੍ਰਦੂਸ਼ਿਤ ਹੋ ਰਹੀ ਹੈ। ਇਸ ਲਈ ਕੁਦਰਤੀ ਖੇਤੀ ਵੱਲ ਮੁੜਿਆ ਜਾਵੇ ਅਤੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਜਾਵੇ। ਇਸ ਸਬੰਧੀ ਕੇਂਦਰ ਸਰਕਾਰ ਠੋਸ ਨੀਤੀ ਬਣਾਵੇ। ਉਨ੍ਹਾਂ ਕਿਸਾਨੀ ਨੂੰ ਕਰਜ਼ ਜਾਲ ’ਚੋਂ ਕੱਢਣ ਲਈ ਕਾਰਪੋਰੇਟਾਂ ਦੀ ਤਰਜ਼ ’ਤੇ ਕਿਸਾਨੀ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ।