ਸਾਂਗਲੀ, ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੀ ਅਦਾਲਤ ਨੇ ਐਮਐੱਨਐੱਸ ਮੁਖੀ ਰਾਜ ਠਾਕਰੇ ਵਿਰੁੱਧ 14 ਸਾਲ ਪੁਰਾਣੇ ਇਕ ਕੇਸ ਵਿਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਠਾਕਰੇ ਵਿਰੁੱਧ 2008 ਵਿਚ ਆਈਪੀਸੀ ਦੀ ਧਾਰਾ 109 ਤੇ 117 ਤਹਿਤ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਜੁਡੀਸ਼ੀਅਲ ਮੈਜਿਸਟਰੇਟ ਨੇ 6 ਅਪਰੈਲ ਨੂੰ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਮੁੰਬਈ ਪੁਲੀਸ ਨੂੰ ਠਾਕਰੇ ਨੂੰ ਗ੍ਰਿਫ਼ਤਾਰ ਕਰਨ ਅਤੇ ਅਦਾਲਤ ਅੱਗੇ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਜੱਜ ਨੇ ਠਾਕਰੇ ਤੇ ਇਕ ਹੋਰ ਐਮਐੱਨਐੱਸ ਆਗੂ ਸ਼ਿਰੀਸ਼ ਪਾਰਕਰ ਵਿਰੁੱਧ ਹੁਣ ਮੁੰਬਈ ਪੁਲੀਸ ਕਮਿਸ਼ਨਰ ਤੇ ਖੇਰਵਾੜੀ ਪੁਲੀਸ ਸਟੇਸ਼ਨ ਰਾਹੀਂ ਵਾਰੰਟ ਕੱਢੇ ਹਨ ਕਿਉਂਕਿ ਦੋਵੇਂ ਆਗੂ ਕੇਸ ਦੀ ਸੁਣਵਾਈ ਦੌਰਾਨ ਪਹਿਲਾਂ ਪੇਸ਼ ਨਹੀਂ ਹੋਏ ਸਨ। ਮਹਾਰਾਸ਼ਟਰ ਸਰਕਾਰ ਵੱਲੋਂ ਪੇਸ਼ ਵਕੀਲ ਜਯੋਤੀ ਪਾਟਿਲ ਨੇ ਕਿਹਾ ਕਿ ਅਦਾਲਤ ਨੇ 8 ਜੂਨ ਤੱਕ ਵਾਰੰਟ ਦੀ ਪਾਲਣਾ ਯਕੀਨੀ ਬਣਾਉਣ ਤੇ ਦੋਵਾਂ ਆਗੂਆਂ ਨੂੰ ਪੇਸ਼ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ 2008 ਵਿਚ ਐਮਐੱਨਐੱਸ ਵਰਕਰਾਂ ਨੇ ਸ਼ਿਰਾਲਾ ਵਿਚ ਠਾਕਰੇ ਦੀ ਗ੍ਰਿਫ਼ਤਾਰੀ ਖ਼ਿਲਾਫ਼ ਧਰਨਾ ਦਿੱਤਾ ਸੀ। ਰਾਜ ਠਾਕਰੇ ਨੇ ਨੌਕਰੀਆਂ ਵਿਚ ਸਥਾਨਕ ਨੌਜਵਾਨਾਂ ਨੂੰ ਪਹਿਲ ਦਿਵਾਉਣ ਲਈ ਸੰਘਰਸ਼ ਵਿੱਢਿਆ ਸੀ। ਐਮਐੱਨਐੱਸ ਦੇ ਇਕ ਆਗੂ ਨੇ ਦਾਅਵਾ ਕੀਤਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 2012 ਤੋਂ ਪਹਿਲਾਂ ਦੇ ਸਿਆਸੀ ਕੇਸ ਵਾਪਸ ਲਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ 2008 ਦੇ ਇਸ ਕੇਸ ਨੂੰ ਹੁਣ ਇਸ ਲਈ ਉਭਾਰਿਆ ਜਾ ਰਿਹਾ ਹੈ ਕਿਉਂਕਿ ਠਾਕਰੇ ਨੇ ਮਸਜਿਦਾਂ ਉਤੇ ਲਾਊਡਸਪੀਕਰਾਂ ਦਾ ਮੁੱਦਾ ਚੁੱਕਿਆ ਹੈ।

ਇਸੇ ਦੌਰਾਨ ਰਾਜ ਠਾਕਰੇ ਦੀ ਪਾਰਟੀ ਦੇ ਆਗੂਆਂ ਨੇ ਮਹਾਰਾਸ਼ਟਰ ਸਰਕਾਰ ਦੀ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇ ਠਾਕਰੇ ਖ਼ਿਲਾਫ਼ ਹੋਰ ਕਾਰਵਾਈ ਕੀਤੀ ਗਈ ਤਾਂ ਉਹ ਸੜਕਾਂ ’ਤੇ ਉਤਰ ਸੰਘਰਸ਼ ਵਿੱਢਣਗੇ। ਮੁੰਬਈ ਪੁਲੀਸ ਨੇ ਐਮਐੱਨਐੱਸ ਆਗੂਆਂ ਨਿਤਿਨ ਸਰਦੇਸਾਈ ਤੇ ਬਾਲਾ ਨੰਦਗਾਓਂਕਰ ਸਣੇ ਕਰੀਬ 100 ਲੋਕਾਂ ਨੂੰ ਸੀਆਰਪੀਸੀ ਦੀ ਧਾਰਾ 149 ਤਹਿਤ ਨੋਟਿਸ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਰਾਜ ਠਾਕਰੇ ਨੇ ਲੋਕਾਂ ਨੂੰ ਸੱਦਾ ਦਿੱਤਾ ਹੋਇਆ ਹੈ ਕਿ ਜੇ 4 ਮਈ ਤੱਕ ਮਸਜਿਦਾਂ ਤੋਂ ਲਾਊਡਸਪੀਕਰ ਨਾ ਹਟਾਏ ਗਏ ਤਾਂ ਉਹ ਇਨ੍ਹਾਂ ਅੱਗੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ। ਮਹਾਰਾਸ਼ਟਰ ਦੇ ਡੀਜੀਪੀ ਦਫ਼ਤਰ ਮੁਤਾਬਕ ਠਾਕਰੇ ਦੇ ਅਲਟੀਮੇਟਮ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ 15 ਹਜ਼ਾਰ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਚੌਕਸੀ ਵਜੋਂ ਕਾਰਵਾਈ ਕੀਤੀ ਗਈ ਹੈ।