ਮੁੰਬਈ:ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ ‘ਐਨੀਮਲ’ ਦੇ ਨਿਰਮਾਤਾਵਾਂ ਨੇ ਅਦਾਕਾਰ ਦੀ ਫ਼ਿਲਮ ਵਿਚਲੀ ਪਹਿਲੀ ਝਲਕ ਵਾਲਾ ਪੋਸਟਰ ਸਾਂਝਾ ਕੀਤਾ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਹੈ, ਜਿਸ ਨੂੰ 2019 ਵਿੱਚ ਆਈ ਬੌਲੀਵੁੱਡ ਫਿਲਮ ‘ਕਬੀਰ ਸਿੰਘ’ ਅਤੇ 2017 ਦੀ ਮਸ਼ਹੂਰ ਤੇਲਗੂ ਫਿਲਮ ‘ਅਰਜੁਨ ਰੈੱਡੀ’ ਲਈ ਜਾਣਿਆ ਜਾਂਦਾ ਹੈ। ਫਿਲਮ ‘ਐਨੀਮਲ’ ਦਾ ਨਿਰਮਾਣ ਭੂਸ਼ਨ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਦੇ ਟੀ-ਸੀਰੀਜ਼, ਮੁਰਾਦ ਖੇਤਾਨੀ ਦੇ ਸਾਈਨ 1 ਸਟੂਡੀਓ ਅਤੇ ਪ੍ਰਣਯ ਰੈੱਡੀ ਵਾਂਗਾ ਦੇ ਭੱਦਰਾਕਲੀ ਪਿਕਚਰਜ਼ ਨੇ ਮਿਲ ਕੇ ਕੀਤਾ ਹੈ। ਨਿਰਮਾਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਅੱਧੀ ਰਾਤ ਸਮੇਂ ਕਪੂਰ ਦੀ ਨਵੀਂ ਦਿੱਖ ਵਾਲਾ ਪੋਸਟਰ ਪਾਇਆ ਹੈ, ਜਿਸ ਵਿੱਚ ਅਦਾਕਾਰ ਹੱਥ ਵਿੱਚ ਕੁਹਾੜੀ ਫੜੀ ਹੋਈ ਹੈ ਅਤੇ ਉਹ ਖ਼ੂਨ ਨਾਲ ਲੱਥਪਥ ਹੋਇਆ ਸਿਗਰਟ ਸੁਲਗਾਉਂਦਾ ਦਿਖਾਈ ਦੇ ਰਿਹਾ ਹੈ। ਨਿਰਮਾਤਾਵਾਂ ਨੇ ਕਿਹਾ, ‘‘ਅਸੀਂ ਦਰਸ਼ਕਾਂ ਨਾਲ ਪਹਿਲੀ ਝਲਕ ਸਾਂਝੀ ਕਰਕੇ ਖੁਸ਼ ਹਾਂ। ਪੋਸਟਰ ਵਿਚਲੀ ਰਣਬੀਰ ਦੀ ਝਲਕ ਫਿਲਮ ਦੀ ਕਹਾਣੀ ਨੂੰ ਬਿਆਨ ਰਹੀ ਹੈ ਅਤੇ ਸਾਨੂੰ ਯਕੀਨ ਹੈ ਕਿ ਫਿਲਮ ਦਰਸ਼ਕਾਂ ਦੀਆਂ ਉਮੀਦਾਂ ’ਤੇ ਪੂਰਾ ਉੱਤਰੇਗੀ।’’ ਫਿਲਮ ‘ਐਨੀਮਲ’ ਵਿੱਚ ਅਨਿਲ ਕਪੂਰ, ਰਸ਼ਮਿਕਾ ਮੰਦਾਨਾ, ਬੌਬੀ ਦਿਓਲ ਅਤੇ ਤ੍ਰਿਪਤੀ ਦੀਮਰੀ ਅਹਿਮ ਭੂਮਿਕਾਵਾਂ ਵਿਚ ਹਨ। ਇਹ ਫਿਲਮ ਪੰਜ ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ ਵਿੱਚ ਇਸ ਸਾਲ ਅਗਸਤ ਮਹੀਨੇ ਰਿਲੀਜ਼ ਹੋਵੇਗੀ।