ਫਿਰੋਜ਼ਾਬਾਦ (ਉੱਤਰ ਪ੍ਰਦੇਸ਼), 1 ਸਤੰਬਰ

ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਤੋਂ ਭਾਜਪਾ ਵਿਧਾਇਕ ਮਨੀਸ਼ ਅਸੀਜਾ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ਵਿੱਚ ਪਿਛਲੇ 12 ਦਿਨਾਂ ਵਿੱਚ ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਮੌਤ ਦੀ ਗਿਣਤੀ ਵਧ ਕੇ 44 ਹੋ ਗਈ ਹੈ। ਬੀਤੀ ਰਾਤ ਵੀ ਜ਼ਿਲ੍ਹੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋਈ ਸੀ ਤੇ ਅੱਜ ਵੀ ਦੋ ਮਰੀਜ਼ਾਂ ਨੇ ਦਮ ਤੋੜਿਆ ਹੈ। ਇਸੇ ਦੌਰਾਨ ਮਰੀਜ਼ਾਂ ਦੇ ਇਲਾਜ ਲਈ ਜ਼ਿਲ੍ਹੇ ਵਿੱਚ 25 ਥਾਵਾਂ ’ਤੇ ਕੈਂਪ ਲਗਾਏ ਗਏ ਹਨ ਤੇ ਲਖਨਊ ਤੋਂ 15 ਡਾਕਟਰਾਂ ਦੀ ਟੀਮ ਇਥੇ ਪਹੁੰਚ ਗਈ ਹੈ। ਟੀਮ ਨੇ ਸਿਹਤ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੇ ਖੂਨ ਦੇ ਸੈਂਪਲ ਲਏ ਜਾ ਰਹੇ ਹਨ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਸੋਮਵਾਰ ਨੂੰ ਡੇਂਗੂ ਪੀੜਤ ਕਈ ਮਰੀਜ਼ਾਂ ਨਾਲ ਮੁਲਾਕਾਤ ਵੀ ਕੀਤੀ ਸੀ। ਜ਼ਿਲ੍ਹਾ ਮੈਜਿਸਟਰੇਟ ਵਿਜੈ ਸਿੰਘ ਨੇ ਫਿਰੋਜ਼ਾਬਾਦ ਜ਼ਿਲ੍ਹੇ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਕੂਲਾਂ ਨੂੰ 6 ਸਤੰਬਰ ਤੱਕ ਬੰਦ ਕਰ ਦਿੱਤਾ ਹੈ।