ਨਵੀਂ ਦਿੱਲੀ, 19 ਅਕਤੂਬਰ

ਪੰਜਾਬ ਵਿੱਚ ਡੀਏਪੀ ਸੰਕਟ ਦੇ ਮੱਦੇਨਜ਼ਰ ਸੂਬੇ ਦੇ ਖੇਤੀਬਾੜੀ, ਕਿਸਾਨ ਭਲਾਈ ਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਦੀ ਦਖਲਅੰਦਾਜ਼ੀ ਤੋਂ ਬਾਅਦ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਪੰਜਾਬ ਨੂੰ ਤਿੰਨ-ਚਾਰ ਦਿਨਾਂ ਦੇ ਅੰਦਰ ਡੀਏਪੀ ਦੇ 10 ਰੈਕ, ਐੱਨਪੀਕੇ ਦੇ 5 ਰੈਕ ਅਤੇ ਐੱਸਐੱਸਪੀ (ਸਿੰਗਲ ਸੁਪਰ ਫਾਸਫੇਟ) ਦੇ 2 ਰੈਕ ਸਪਲਾਈ ਕਰਨ ਦਾ ਭਰੋਸਾ ਦਿੱਤਾ। ਪੰਜਾਬ ਦੀ ਮੰਗ ਨੂੰ ਮੰਨਦੇ ਹੋਏ ਕੇਂਦਰੀ ਮੰਤਰੀ ਨੇ ਆਉਣ ਵਾਲੇ ਮਹੀਨਿਆਂ ਨਵੰਬਰ ਅਤੇ ਦਸੰਬਰ ਵਿੱਚ ਪੰਜਾਬ ਨੂੰ ਯੂਰੀਆ ਦੀ ਢੁਕਵੀਂ ਸਪਲਾਈ ਦੇਣ ਦਾ ਭਰੋਸਾ ਵੀ ਦਿੱਤਾ। ਸ੍ਰੀ ਮਾਂਡਵੀਆ ਨਾਲ ਮੁਲਾਕਾਤ ਦੌਰਾਨ ਖੇਤੀਬਾੜੀ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਹਾੜ੍ਹੀ ਦੀਆਂ ਫਸਲਾਂ ਲਈ ਕੁੱਲ 5.50 ਲੱਖ ਟਨ ਡੀਏਪੀ ਦੀ ਲੋੜ ਹੈ, ਜਿਸ ਵਿੱਚੋਂ ਅਕਤੂਬਰ ਤੇ ਨਵੰਬਰ ਵਿੱਚ ਕਣਕ ਦੀ ਫਸਲ ਦੀ ਸਮੇਂ ਸਿਰ ਬਿਜਾਈ ਲਈ 4.80 ਲੱਖ ਟਨ ਡੀਏਪੀ ਦੀ ਲੋੜ ਹੈ ਤਾਂ ਜੋ ਕਣਕ ਦੀ ਵੱਧ ਤੋਂ ਵੱਧ ਪੈਦਾਵਾਰ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਨੇ ਕਿਹਾ, ‘ਅਸੀਂ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਨੂੰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁਕਾਬਲੇ ਡੀਏਪੀ ਦੀ ਬਹੁਤ ਘੱਟ ਮਾਤਰਾ ਅਲਾਟ ਕੀਤੀ ਜਾ ਰਹੀ ਹੈ। ਅਸੀਂ ਇਸ ਸੰਵੇਦਨਸ਼ੀਲ ਮੁੱਦੇ ’ਤੇ ਛੇ ਮਹੀਨਿਆਂ ਤੋਂ ਕੇਂਦਰ ਸਰਕਾਰ ਨੂੰ ਲਿਖ ਰਹੇ ਹਾਂ।’