ਓਟਵਾ, 8 ਜਨਵਰੀ : ਇੱਕ ਸਾਲ ਪਹਿਲਾਂ ਯਾਤਰੀ ਜਹਾਜ਼ ਨੂੰ ਇਰਾਨੀ ਫੌਂਜ ਵੱਲੋਂ ਫੁੰਡੇ ਜਾਣ ਤੋਂ ਬਾਅਦ ਲੰਮਾਂ ਸਮਾਂ ਟਾਲ ਮਟੋਲ ਕਰਦੇ ਰਹੇ ਇਰਾਨ ਵੱਲੋਂ ਬੀਤੇ ਦਿਨੀਂ ਅਚਾਨਕ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 150,000 ਡਾਲਰ ਦੇਣ ਦੀ ਕੀਤੀ ਗਈ ਪੇਸ਼ਕਸ਼ ਨੂੰ ਇਸ ਮਾਮਲੇ ਦੇ ਕੈਨੇਡਾ ਵੱਲੋਂ ਵਿਸ਼ੇਸ਼ ਸਲਾਹਕਾਰ ਵੱਲੋਂ ਠੁਕਰਾ ਦਿੱਤਾ ਗਿਆ ਹੈ।
ਸਾਬਕਾ ਲਿਬਰਲ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਦਾ ਕਹਿਣਾ ਹੈ ਕਿ ਇਰਾਨ ਕੋਲ ਹਾਦਸੇ ਦੇ ਸਿ਼ਕਾਰ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਪੇਸ਼ਕਸ਼ ਕਰਨ ਦਾ ਕੋਈ ਅਧਿਕਾਰ ਨਹੀਂ ਹੈ।ਗੁਡੇਲ ਨੇ ਆਖਿਆ ਕਿ ਮੁਆਵਜ਼ੇ ਦੀ ਰਕਮ ਇਰਾਨ ਤੇ ਕੈਨੇਡਾ ਦੇ ਨਾਲ ਨਾਲ ਚਾਰ ਹੋਰਨਾਂ ਦੇਸ਼ਾਂ, ਜਿਨ੍ਹਾਂ ਦੇ ਨਾਗਰਿਕਾਂ ਦੀ ਇਸ ਹਾਦਸੇ ਵਿੱਚ ਮੌਤ ਹੋਈ, ਦਰਮਿਆਨ ਗੱਲਬਾਤ ਤੋਂ ਬਾਅਦ ਹੀ ਤੈਅ ਕੀਤੀ ਜਾ ਸਕਦੀ ਹੈ।
ਇੱਕ ਦਿਨ ਅਚਾਨਕ ਇਰਾਨ ਦੇ ਸਰਕਾਰੀ ਟੀਵੀ ਉੱਤੇ ਇਹ ਐਲਾਨ ਕੀਤਾ ਗਿਆ ਕਿ ਤਹਿਰਾਨ ਸਰਕਾਰ ਹਾਦਸੇ ਦੇ ਸਿ਼ਕਾਰ ਸਾਰੇ ਯਾਤਰੀਆਂ ਦੇ ਪਰਿਵਾਰਾਂ ਵਿੱਚੋਂ ਪ੍ਰਤੀ ਪਰਿਵਾਰ 150,000 ਡਾਲਰ ਮੁਆਵਜ਼ੇ ਵਜੋਂ ਦੇਣ ਲਈ ਤਿਆਰ ਹੈ। ਪਰ ਗੁਡੇਲ ਨੇ ਆਖਿਆ ਕਿ ਅਜੇ ਤੱਕ ਇਰਾਨ ਤੇ ਕੈਨੇਡਾ ਦਰਮਿਆਨ ਇਸ ਸਬੰਧ ਵਿੱਚ ਕੋਈ ਗੱਲਬਾਤ ਨਹੀਂ ਹੋਈ ਹੈ।ਗੁਡੇਲ ਨੇ ਆਖਿਆ ਕਿ ਇਸ ਫੈਸਲੇ ਵਿੱਚ ਕਿਸੇ ਵੀ ਦੂਜੀ ਧਿਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਤੇ ਇਰਾਨ ਨੇ ਆਪਣੇ ਆਪ ਹੀ ਇਹ ਫੈਸਲਾ ਐਲਾਨ ਦਿੱਤਾ।
ਗੁਡੇਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਹੋਰ ਸਰਕਾਰੀ ਮੈਂਬਰ ਵੀਰਵਾਰ ਨੂੰ ਪ੍ਰਾਈਵੇਟ ਤੌਰ ਉੱਤੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨਾਲ ਵਰਚੂਅਲ ਮੀਟਿੰਗ ਕਰਨਗੇ।