ਨਵੀਂ ਦਿੱਲੀ:
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਟਰੇਨਾਂ ਨੂੰ ਹਰੀ ਝੰਡੀ ਦਿਖਾਉਣ ’ਚ ਰੁੱਝੇ ਹੋਏ ਹਨ ਜਦਕਿ ਰੇਲਵੇ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਿਖਰਲੇ ਅਹੁਦੇ ਤੋਂ ਲੈ ਕੇ ਹੇਠਾਂ ਤੱਕ ਜਵਾਬਦੇਹੀ ਤੈਅ ਕਰਨ ਲਈ ਵੀ ਕਿਹਾ। ਖੜਗੇ ਨੇ ਲੜੀਵਾਰ ਟਵੀਟ ਕਰਦਿਆਂ ਮੋਦੀ ਸਰਕਾਰ ਨੂੰ ਕਈ ਸਵਾਲ ਦਾਗ਼ੇ ਅਤੇ ਕਿਹਾ ਕਿ ‘ਪੀਆਰ ਡਰਾਮੇਬਾਜ਼ੀਆਂ’ ਨੇ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ‘ਖੋਖਲਾ’ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ’ਚ ਤਿੰਨ ਲੱਖ ਅਹੁਦੇ ਖਾਲੀ ਪਏ ਹਨ ਅਤੇ ਪਿਛਲੇ 9 ਸਾਲਾਂ ਤੋਂ ਇਹ ਭਰੇ ਕਿਉਂ ਨਹੀਂ ਗਏ ਹਨ। ਖੜਗੇ ਨੇ ਦਾਅਵਾ ਕੀਤਾ ਕਿ ਦੱਖਣ ਪੱਛਮ ਰੇਲਵੇ ਜ਼ੋਨ ਦੇ ਪ੍ਰਿੰਸੀਪਲ ਚੀਫ਼ ਅਪਰੇਟਿੰਗ ਮੈਨੇਜਰ ਨੇ ਮੈਸੂਰ ’ਚ ਵਾਪਰੇ ਹਾਦਸੇ ਦਾ ਹਵਾਲਾ ਦਿੰਦਿਆਂ 8 ਫਰਵਰੀ ਨੂੰ ਸਿਗਨਲ ਪ੍ਰਣਾਲੀ ਦੀ ਮੁਰੰਮਤ ਮੰਗੀ ਸੀ ਤਾਂ ਫਿਰ ਰੇਲ ਮੰਤਰਾਲੇ ਨੇ ਇਸ ਦਾ ਨੋਟਿਸ ਕਿਉਂ ਨਹੀਂ ਲਿਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੰਸਦੀ ਸਟੈਂਡਿੰਗ ਕਮੇਟੀ ਨੇ ਆਪਣੀ 323ਵੀਂ ਰਿਪੋਰਟ ’ਚ ਰੇਲਵੇ ਬੋਰਡ ਵੱਲੋਂ ਰੇਲਵੇ ਸੇਫਟੀ ਕਮਿਸ਼ਨ (ਸੀਆਰਐੱਸ) ਦੀਆਂ ਸਿਫ਼ਾਰਿਸ਼ਾਂ ਨੂੰ ਅਣਗੌਲਿਆਂ ਕਰਨ ਦੀ ਆਲੋਚਨਾ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਰੇਲਵੇ ਸੇਫਟੀ ਕਮਿਸ਼ਨ ਸਿਰਫ਼ 8 ਤੋਂ 10 ਫ਼ੀਸਦ ਹਾਦਸਿਆਂ ਦੀ ਜਾਂਚ ਕਰਦਾ ਹੈ ਤਾਂ ਫਿਰ ਸੀਆਰਐੱਸ ਨੂੰ ਮਜ਼ਬੂਤ ਕਿਉਂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2011 ’ਚ ਰਿਸਰਚ ਡਿਜ਼ਾਈਨਜ਼ ਐਂਡ ਸਟੈਂਡਰਡਜ਼ ਆਰਗੇਨਾਈਜ਼ੇਸ਼ਨ ਵੱਲੋਂ ਵਿਕਸਤ ਟਰੇਨਾਂ ਦੀ ਟੱਕਰ ਤੋਂ ਬਚਾਅ ਵਾਲੀ ਪ੍ਰਣਾਲੀ ਨੂੰ ਮੋਦੀ ਸਰਕਾਰ ਨੇ ‘ਕਵਚ’ ਦਾ ਨਾਮ ਦਿੱਤਾ ਸੀ ਪਰ ਇਹ ਹੁਣ ਤੱਕ ਸਿਰਫ਼ 4 ਫ਼ੀਸਦੀ ਰੂਟਾਂ ’ਤੇ ਹੀ ਕਿਉਂ ਲਾਗੂ ਕੀਤੀ ਗਈ ਹੈ। ਉਧਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕੈਗ ਰਿਪੋਰਟ, ਸੰਸਦੀ ਕਮੇਟੀ ਅਤੇ ਮਾਹਿਰਾਂ ਦੀਆਂ ਚਿਤਾਵਨੀਆਂ ਤੇ ਸੁਝਾਵਾਂ ਨੂੰ ਅਣਗੌਲਿਆ ਕਰਨ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ, ਨਿਤੀਸ਼ ਕੁਮਾਰ ਅਤੇ ਮਾਧਵ ਰਾਓ ਸਿੰਧੀਆ ਦੇ ਪੂਰਨਿਆਂ ’ਤੇ ਤੁਰਦਿਆਂ ਕੀ ਰੇਲ ਮੰਤਰੀ ਨੂੰ ਨੈਤਿਕ ਆਧਾਰ ’ਤੇ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਹੈ।
ਕਾਂਗਰਸ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅਸਤੀਫੇ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ‘ਪੀਆਰ ਡਰਾਮੇਬਾਜ਼ੀਆਂ’ ਕਰ ਕੇ ਰੇਲਵੇ ਦੀਆਂ ‘ਗੰਭੀਰ ਕਮੀਆਂ, ਅਪਰਾਧਿਕ ਲਾਪ੍ਰਵਾਹੀ ਅਤੇ ਰੱਖਿਆ ਤੇ ਸੁਰੱਖਿਆ ਪ੍ਰਤੀ ਪੂਰੀ ਅਣਦੇਖੀ’ ਨੂੰ ਢਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਸਰਕਾਰ ਵੱਲੋਂ ਰੇਲਵੇ ਅਤੇ ਲੋਕਾਂ ’ਤੇ ਪਾਏ ਇਸ ‘ਰੋਲੇ-ਘਚੋਲੇ’ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਕਤੀਸਿੰਹ ਗੋਹਿਲ ਤੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਦੋਸ਼ ਲਾਇਆ ਕਿ ਉੜੀਸਾ ਰੇਲ ਤ੍ਰਾਸਦੀ ‘ਸਿਰੇ ਦੀ ਲਾਪ੍ਰਵਾਹੀ, ਸਿਸਟਮ ਵਿੱਚ ਗੰਭੀਰ ਖਾਮੀਆਂ ਤੇ ਅਯੋਗਤਾ ਕਾਰਨ’ ਮਨੁੱਖ ਵੱਲੋਂ ਕੀਤੀ ਗਈ ਤਬਾਹੀ ਹੈ। ਖੇੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਐਲਾਨ ਕੀਤਾ ਸੀ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ, ਸਭ ਤੋਂ ਪਹਿਲਾਂ ਰੇਲ ਮੰਤਰੀ ਤੋਂ ਸ਼ੁਰੂਆਤ ਕਰਨ। ਉਨ੍ਹਾਂ ਕਿਹਾ ਕਿ ਰੇਲ ਮੰਤਰੀ ਦੇ ਅਸਤੀਫੇ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ।