ਚੰਡੀਗੜ , 27 ਸਤੰਬਰ 2017

ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ-ਅਕਾਲੀ ਦਲ ਦੀ ਸਰਕਾਰ ਨੇ ਪੂਰੇ ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬੈਠਾ ਦਿੱਤਾ ਹੈ।
ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਚੰਦ ਕਾਰਪੋਰੇਟ ਘਰਾਣਿਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਅੰਤਾਂ ਦਾ ਵਿੱਤੀ ਲਾਭ ਪਹੁੰਚਾਉਣ ਲਈ ਮੋਦੀ ਮੰਡਲ ਵੱਲੋਂ ਲਏ ਜਾ ਰਹੇ ਆਪਹੁਦਰੇ ਫ਼ੈਸਲਿਆਂ ਨੇ ਗਰੀਬ ਹੋਰ ਗਰੀਬ ਕਰ ਦਿੱਤੇ ਹਨ। ਬੇਰੁਜ਼ਗਾਰਾਂ ਨੂੰ ਕਰੋੜਾਂ ਦੀ ਗਿਣਤੀ ‘ਚ ਰੋਜ਼ਗਾਰ ਦੇ ਚੋਣ ਵਾਅਦੇ ਦੇ ਉਲਟ ਰੋਜ਼ਗਾਰ ‘ਤੇ ਲੱਗਿਆਂ ਦਾ ਵੀ ਰੋਜ਼ਗਾਰ ਖੋ ਲਿਆ ਹੈ।
ਨੋਟ ਬੰਦੀ ਅਤੇ ਜੀਐਸਟੀ ਨੇ ਚੰਗੀ ਭਲੀ ਰੋਟੀ ਕਮਾ ਰਹੇ ਆਮ ਦੁਕਾਨਦਾਰਾਂ ਤੇ ਵਪਾਰੀਆਂ ਦੀ ਰੋਜ਼ੀ ਰੋਟੀ ਹੀ ਦਾਅ ‘ਤੇ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਦੇ ‘ਕੈਸ਼ ਲੈਸ‘ ਨਾਅਰੇ ‘ਤੇ ਵਿਅੰਗ ਕਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੋਰ ਤਾਂ ਹੋਰ ਮਾਲੀ ਤੌਰ ‘ਤੇ ਸਮਰੱਥ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਵੀ ਸੱਚੀ-ਸੁੱਚੀ ‘ਕੈਸ਼ ਲੈਸ‘ (ਜੇਬ ਖਾਲੀ) ਕਰ ਦਿੱਤੀ ਹੈ।
ਭਗਵੰਤ ਮਾਨ ਨੇ ਤਾਜ਼ਾ ਆਰਥਿਕ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਅੱਜ ਤੱਕ ਐਨੀ ਆਰਥਿਕ ਤੰਗੀ ਕਦੇ ਨਹੀਂ ਝੱਲੀ ਸੀ। ਹਾਲਤ ਇਹ ਹੈ ਕਿ ਵਿਪਰੀਤ ਹਾਲਤਾਂ ਦੇ ਬਾਵਜੂਦ ਜੋ ਉਦਯੋਗਪਤੀ ਅਤੇ ਵਪਾਰੀ ਪੰਜਾਬ ‘ਚ ਅਪਣਾ ਵਪਾਰ-ਕਾਰੋਬਾਰ ਕਰ ਰਹੇ ਸਨ, ਉਨਾਂ ਕੋਲ ਕੱਚਾ ਮਾਲ ਖਰੀਦਣ, ਢੋ-ਢੁਆਈ ਕਰਨ ਅਤੇ ਲੇਬਰ-ਕਰਮਚਾਰੀਆਂ ਨੂੰ ਦਿਹਾੜੀ ਦੇਣ ਲਈ ਵੀ ਨਕਦ ਪੈਸਾ (ਕੈਸ਼) ਨਹੀਂ ਹੈ। ਕਰੋੜਾਂ ਅਰਬਾਂ ਰੁਪਇਆਂ ਦੇ ਟੈਕਸ ਰਿਫੰਡ ਫਸੀ ਪਈ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਹਰ ਗੱਲ ‘ਚ ਕੇਂਦਰ ਸਰਕਾਰ ਦਾ ਰੋਣਾ-ਰੋਣ ਵਾਲੇ ਕੈਪਟਨ ਅਮਰਿੰਦਰ ਸਿੰਘ ਚੋਣ ਵਾਅਦੇ ਕਰਨ ਵਾਲੇ ਵੀ ਪੰਜਾਬ ਦੇ ਮਾਲੀ ਸੰਕਟ ਤੋਂ ਭਲੀਭਾਂਤ ਜਾਣੂ ਸਨ। ਭਗਵੰਤ ਮਾਨ ਨੇ ਕੈਪਟਨ ਤੋਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ 5 ਪ੍ਰਤੀਸ਼ਤ ਤੋਂ 18 ਪ੍ਰਤੀਸ਼ਤ ਤੱਕ ਵਧੇ ਟੈਕਸਾਂ ‘ਚੋਂ ਪੰਜਾਬ ਸਰਕਾਰ ਦੇ ਖਜਾਨੇ ‘ਚ ਆਉਣ ਵਾਲੇ 6 ਪ੍ਰਤੀਸ਼ਤ ਤੋਂ 9 ਪ੍ਰਤੀਸ਼ਤ ਦੇ ਹਿੱਸੇ ਦੀ ਟੈਕਸ ਛੋਟ ਦੇ ਕੇ ਕਿਸਾਨਾਂ, ਵਪਾਰੀਆਂ ਅਤੇ ਆਮ ਖਪਤਕਾਰਾਂ ਨੂੰ ਰਾਹਤ ਦੇਵੇ। ਭਗਵੰਤ ਮਾਨ ਵਪਾਰੀਆਂ ਅਤੇ ਉਦਯੋਗਪਤੀ ਦੇ ਪੰਜਾਬ ਦੇ ਕਰ ਅਤੇ ਆਬਕਾਰੀ ਵਿਭਾਗ ਵੱਲ ਫਸੇ ਪਏ 300 ਕਰੋੜ ਰੁਪਏ ਦੇ ਰਿਫੰਡ ਤੁਰੰਤ ਵਾਪਸ ਕਰਨ ਉੱਪਰ ਜ਼ੋਰ ਦਿੱਤਾ।