ਨਵੀਂ ਦਿੱਲੀ, 9 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਸਦ ‘ਚ ਗੈਰ-ਹਾਜ਼ਰੀ ਸਬੰਧੀ ਵਿਅੰਗ ਕਰਦਿਆਂ ਕਾਂਗਰਸ ਨੇਤਾ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸੰਸਦ ਨਾਲੋਂ ਵਿਦੇਸ਼ੀ ਸੰਸਦ ‘ਚ ਜ਼ਿਆਦਾ ਬੋਲਦੇ ਹਨ। ਇਥੇ ਕਿਤਾਬ ਜਾਰੀ ਕਰਨ ਸਬੰਧੀ ਸਮਾਗਮ ਵਿੱਚ ਜਿਥੇ ਸ੍ਰੀ ਥਰੂਰ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਕਾਰਜਸ਼ੈਲੀ ਦੀ ਤੁਲਨਾ ਕੀਤੀ। ਲੋਕਤਾਂਤਰਿਕ, ਜਮਹੂਰੀ ਸੰਸਥਾਵਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਦੋਵਾਂ ਪ੍ਰਧਾਨ ਮੰਤਰੀਆਂ ਦੀ ਵਿਚਾਰਧਾਰਾ ਦੀ ਤੁਲਨਾ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਸੰਸਦ ਦੇ ਮੁਕਾਬਲੇ ਵਿਦੇਸ਼ੀ ਸੰਸਦ ‘ਚ ਜ਼ਿਆਦਾ ਭਾਸ਼ਣ ਦਿੱਤੇ ਹਨ ਜੋ ਕਿ ਨਹਿਰੂ ਦੇ ਉਲਟ ਹੈ। 1962 ਦੀ ਭਾਰਤ-ਚੀਨ ਜੰਗ ਨੂੰ ਯਾਦ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸੰਸਦ ਦਾ ਸੈਸ਼ਨ ਬੁਲਾ ਕੇ ਮੁੱਦਿਆਂ ‘ਤੇ ਚਰਚਾ ਕੀਤੀ ਸੀ, ਅੱਜ ਭਾਰਤ-ਚੀਨ ਵਿਚਾਲੇ ਸਰਹੱਦੀ ਮੁੱਦਿਆਂ ‘ਤੇ ਸਵਾਲ ਉਠਾਉਣ ਦੀ ਵੀ ਇਜਾਜ਼ਤ ਨਹੀਂ ਹੈ।