ਨਵੀਂ ਦਿੱਲੀ, 5 ਅਗਸਤ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਨੈਸ਼ਨਲ ਹੈਰਾਲਡ ਕੇਸ ਵਿੱਚ ਕੀਤੀ ਕਾਰਵਾਈ ਦੇ ਹਵਾਲੇ ਨਾਲ ਅੱਜ ਕਿਹਾ ਕਿ ਉਹ ‘ਨਰਿੰਦਰ ਮੋਦੀ ਤੋਂ ਨਾ ਡਰਦੇ ਹਨ ਤੇ ਨਾ ਹੀ ਅਜਿਹੀ ਕਿਸੇ ਕਾਰਵਾਈ ਨਾਲ ਉਨ੍ਹਾਂ ਨੂੰ ਡਰਾਇਆ ਜਾ ਸਕਦਾ ਹੈ। ਗਾਂਧੀ ਨੇ ਇਹ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਈਡੀ ਨੇ ਹੈਰਾਲਡ ਹਾਊਸ ਵਿਚਲੇ ਯੰਗ ਇੰਡੀਅਨ ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ ਸੀ ਤੇ ਦਿੱਲੀ ਪੁਲੀਸ ਨੇ ਇਹਤਿਆਤ ਵਜੋਂ ਕਾਂਗਰਸ ਦੇ ਦਫ਼ਤਰ ਅਤੇ ਰਾਹੁਲ ਤੇ ਸੋਨੀਆ ਗਾਂਧੀ ਦੀਆਂ ਰਿਹਾਇਸ਼ਾਂ ਦੇ ਬਾਹਰ ਬੈਰੀਕੇਡਿੰਗ ਕਰ ਦਿੱਤੀ ਸੀ।ਰਾਹੁਲ ਗਾਂਧੀ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਹ ਡਰਾਉਣ ਦੀਆਂ ਕੋਸ਼ਿਸ਼ਾਂ ਹਨ। ਅਸੀਂ ਡਰਨ ਵਾਲੇ ਨਹੀਂ ਹਾਂ। ਅਸੀਂ ਨਰਿੰਦਰ ਮੋਦੀ ਤੋਂ ਨਹੀਂ ਡਰਦੇ।’’ ਈਡੀ ਵੱਲੋਂ ਕਾਂਗਰਸ ਦੀ ਮਾਲਕੀ ਵਾਲੇ ਨੈਸ਼ਨਲ ਹੈਰਾਲਡ ਦਫ਼ਤਰ ਵਿੱਚ ਯੰਗ ਇੰਡੀਅਨ ਦੀ ਚਾਰਦੀਵਾਰੀ ਨੂੰ ਸੀਲ ਕਰਨ ਬਾਰੇ ਆਪਣੇ ਪਲੇਠੇ ਪ੍ਰਤੀਕਰਮ ਵਿੱਚ ਗਾਂਧੀ ਨੇ ਕਿਹਾ, ‘‘ਉਹ ਜੋ ਚਾਹੁੰਦੇ ਹਨ ਕਰ ਲੈਣ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਂ ਦੇਸ਼ ਅਤੇ ਜਮਹੂਰੀਅਤ ਨੂੰ ਬਚਾਉਣ ਤੇ ਇਸ ਦੀ ਸਦਭਾਵਨਾ ਕਾਇਮ ਰੱਖਣ ਲਈ ਕੰਮ ਕਰਦਾ ਰਹਾਂਗਾ।’’ ਗਾਂਧੀ ਨੇ ਮਗਰੋਂ ਹਿੰਦੀ ਵਿੱਚ ਕੀਤੇ ਟਵੀਟ ਵਿੱਚ ਸਰਕਾਰ ਤੇ ਪ੍ਰਧਾਨ ਮੰਤਰੀ ਦੀ ਨੁਕਤਾਚੀਨੀ ਕਰਦਿਆਂ ਕਿਹਾ, ‘‘ਸੱਚ ਦੀ ਮੋਰਚਾਬੰਦੀ ਨਹੀਂ ਕੀਤੀ ਜਾ ਸਕਦੀ। ਤੁਸੀਂ ਜੋ ਕਰਨਾ ਹੈ ਕਰੋ, ਮੈਂ ਪ੍ਰਧਾਨ ਮੰਤਰੀ ਤੋਂ ਨਹੀਂ ਡਰਦਾ, ਮੈਂ ਹਮੇਸ਼ਾ ਦੇਸ਼ ਹਿੱਤ ਵਿੱਚ ਕੰਮ ਕਰਦਾ ਰਹਾਂਗਾ। ਸੁਣ ਲਵੋ ਤੇ ਸਮਝ ਲਵੋ!’’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਰਕਾਰ ਸੋਚਦੀ ਹੈ ਕਿ ਉਹ ‘ਸਾਡੇ ’ਤੇ ਦਬਾਅ ਪਾ ਕੇ ਸਾਨੂੰ ਖਾਮੋਸ਼ ਕਰ ਲਏਗੀ।’’ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਰਾਹੁਲ ਨੇ ਕਿਹਾ, ‘‘ਸਾਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ। ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ ਜਮਹੂਰੀਅਤ ਖਿਲਾਫ਼ ਜੋ ਕੁਝ ਕਰ ਰਹੇ ਹਨ, ਅਸੀਂ ਉਸ ਖਿਲਾਫ਼ ਖੜ੍ਹੇ ਹੋਵਾਂਗੇ।’’ ਭਾਜਪਾ ਦੇ ਇਸ ਦਾਅਵੇ ਕਿ ਉਹ ਉਨ੍ਹਾਂ ਨੂੰ ਕਾਨੂੰਨ ਤੋਂ ‘ਭੱਜਣ ਨਹੀਂ’ ਦੇਣਗੇ, ਬਾਰੇ ਪੁੱਛਣ ’ਤੇ ਰਾਹੁਲ ਨੇ ਕਿਹਾ, ‘‘ਭੱਜਣ ਦੀ ਗੱਲ ਕੌਣ ਕਰ ਰਿਹੈ? ਭੱਜਣ ਦੀ ਗੱਲ ਤਾਂ ਉਹ ਕਰ ਰਹੇ ਹਨ।’’