ਮੁੰਬਈ:ਬੌਲੀਵੁੱਡ ਅਦਾਕਾਰਾ ਆਲੀਆ ਭੱਟ ‘ਮੈੱਟ ਗਾਲਾ 2023’ ਪ੍ਰੋਗਰਾਮ ਦੌਰਾਨ ਰੈੱਡ ਕਾਰਪੈਟ ’ਤੇ ਆਪਣੇ ਜਲਵੇ ਦਿਖਾਉਣ ਮਗਰੋਂ ਮੁੰਬਈ ਪਰਤ ਆਈ ਹੈ। ਉਸ ਨੂੰ ਅੱਜ ਮੁੰਬਈ ਹਵਾਈ ਅੱਡੇ ਤੋਂ ਕਾਰ ਵਿੱਚ ਜਾਂਦਿਆਂ ਦੇਖਿਆ ਗਿਆ। ਆਲੀਆ ਨੇ ਜੀਨ ਨਾਲ ਕਾਲੇ ਰੰਗ ਦੀ ਸ਼ਰਟ ਪਹਿਨੀ ਹੋਈ ਸੀ। ਆਲੀਆ ਨੇ ਫੋਟੋਗ੍ਰਾਫਰਾਂ ਵੱਲ ਦੇਖ ਕੇ ਹੱਥ ਹਿਲਾਇਆ ਅਤੇ ਮੁਸਕੁਰਾਉਂਦੀ ਹੋਈ ਚਲੀ ਗਈ। ਨਿਊਯਾਰਕ ਸਥਿਤ ‘ਦਿ ਮੈਟਰੋਪੌਲੀਟਨ ਮਿਊਜ਼ੀਅਮ ਆਫ ਆਰਟ’ ਵਿੱਚ ਕਰਵਾਏ ਗਏ ‘ਮੈੱਟ ਗਾਲਾ’ ਪ੍ਰੋਗਰਾਮ ਦੌਰਾਨ ਬੀਤੇ ਮੰਗਲਵਾਰ ਅਦਾਕਾਰਾ ਨੇ ਇੱਕ ਲੱਖ ਮੋਤੀਆਂ ਨਾਲ ਜੜਿਆ ਚਿੱਟੇ ਰੰਗ ਦਾ ਖੂਬਸੂਰਤ ਗਾਊਨ ਪਹਿਨਿਆ ਹੋਇਆ ਸੀ। ਇਸ ਲਿਬਾਸ ਨੂੰ ਉੱਘੇ ਡਿਜ਼ਾਈਨਰ ਪ੍ਰਬਲ ਗੁਰੰਗ ਨੇ ਤਿਆਰ ਕੀਤਾ ਸੀ। ‘ਕਾਰਲ ਲੈਜਰਫੈਲਡ: ਏ ਲਾਈਨ ਆਫ਼ ਬਿਊਟੀ’ ਨੂੰ ਸਮਰਪਿਤ ਰਹੇ ਇਸ ਸਮਾਗਮ ਦੌਰਾਨ ਆਲੀਆ ਨੇ ਬਿਨਾ ਉਂਗਲਾਂ ਵਾਲੇ ਦਸਤਾਨੇ ਪਹਿਨੇ ਹੋਏ ਸਨ, ਜੋ ਮਰਹੂਮ ਜਰਮਨ ਫੈਸ਼ਨ ਡਿਜ਼ਾਈਨਰ ਤੇ ਰਚਨਾਤਮਕ ਨਿਰਦੇਸ਼ਕ ਦਾ ਪਸੰਦੀਦਾ ਸਟਾਈਲ ਸੀ। ਆਲੀਆ ਦੀ ਇਸ ਲਿਬਾਸ ’ਚ ਇਕ ਝਲਕ ਦੇਖਣ ਲਈ ਮੈਟਰੋਪੌਲੀਟਨ ਮਿਊਜ਼ੀਅਮ ਦੇ ਬਾਹਰ ਵੱਡੀ ਗਿਣਤੀ ਪ੍ਰਸ਼ੰਸਕ ਪੁੱਜੇ ਹੋਏ ਸਨ।