ਓਟਾਵਾ— ਲਿਬਰਲ ਸਰਕਾਰ ਵੱਲੋਂ ਜੁਲਾਈ 2018 ਤੱਕ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ‘ਚ ਲਿਆਉਣ ਲਈ ਬਣਾਈ ਗਈ ਯੋਜਨਾ ਦਾ ਅਧਿਐਨ ਕਰ ਰਹੀ ਐਮਪੀਜ਼ ਦੀ ਕਮੇਟੀ ਦਾ ਕਹਿਣਾ ਹੈ ਕਿ ਇਸ ਨਾਲ ਕਾਲਾ ਬਾਜ਼ਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕੇਗੀ ਸਗੋਂ ਇਸ ਦੇ ਹੋਰ ਅਣਇੱਛਤ ਨੀਤਜੇ ਨਿਕਲ ਸਕਦੇ ਹਨ।
ਮੈਰੀਜੁਆਨਾ ਬਾਰੇ ਫੈਡਰਲ ਟਾਸਕ ਫੋਰਸ ਦੀ ਅਗਵਾਈ ਕਰਨ ਵਾਲੀ ਸਾਬਕਾ ਲਿਬਰਲ ਕੈਬਨਿਟ ਮੰਤਰੀ ਐਨੇ ਮੈਕਲੇਲਨ ਨੇ ਐਮਪੀਜ਼ ਨੂੰ ਦੱਸਿਆ ਕਿ ਇਸ ‘ਚ ਅਜੇ ਸਮਾਂ ਲੱਗੇਗਾ। ਅਸੀਂ ਅਜੇ ਇਹ ਸਿੱਖਣਾ ਹੈ ਕਿ ਸੇਫਟੀ ਤੇ ਸਿਹਤ ਦੇ ਸਬੰਧ ‘ਚ ਮਾਰਕੀਟ ਦੀ ਕੀ ਲੋੜ ਹੈ ਪਰ ਸਾਨੂੰ ਕਾਲਾ ਬਾਜ਼ਾਰੀ ‘ਤੇ ਵੀ ਲਗਾਮ ਲਾਉਣੀ ਹੋਵੇਗੀ ਜਾਂ ਗੈਰ-ਕਾਨੂੰਨੀ ਮਾਰਕੀਟ ਨੂੰ ਖਤਮ ਕਰਨਾ ਹੋਵੇਗਾ। ਉਨ੍ਹਾਂ ਆਖਿਆ ਕਿ ਅਸੀਂ ਕੋਈ ਮਾਸੂਮ ਨਹੀਂ ਹਾਂ ਤੇ ਅਸੀਂ ਇਹ ਸੁਝਾਅ ਵੀ ਨਹੀਂ ਦੇ ਰਹੇ ਕਿ ਗੈਰਕਾਨੂੰਨੀ ਵਿੱਕਰੀ ਰੋਕਣ ਤੋਂ ਬਾਅਦ ਤੁਸੀਂ ਨਿਰਵਾਣ ਪ੍ਰਾਪਤ ਕਰ ਲਵੋਂਗੇ। ਅਜੇ ਵੀ ਗੈਰਕਾਨੂੰਨੀ ਤੌਰ ਉੱਤੇ ਤੰਬਾਕੂ ਦੀ ਵਿੱਕਰੀ ਹੁੰਦੀ ਹੈ ਤੇ ਥੋੜ੍ਹੀ ਬਹੁਤ ਸ਼ਰਾਬ ਦੀ ਵੀ ਗੈਰ-ਕਾਨੂੰਨੀ ਵਿੱਕਰੀ ਹੁੰਦੀ ਹੈ।
ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਕੈਨੇਡਾ ‘ਚ ਬਾਲਗਾਂ ਨੂੰ ਮੈਰੀਜੁਆਨਾ ਰੱਖਣ ਦੀ ਖੁੱਲ੍ਹ ਮਿਲ ਜਾਵੇਗੀ ਤੇ ਉਹ ਕਾਨੂੰਨੀ ਤੌਰ ‘ਤੇ ਮੈਰੀਜੁਆਨਾ ਦੀ ਥੋੜ੍ਹੀ ਮਾਤਰਾ ਦਾ ਸੇਵਨ ਕਰ ਸਕਣਗੇ। ਪਰ ਫਿਰ ਵੀ ਇਸ ਦੇ ਉਤਪਾਦਨ, ਪੋਸੈਸਨ ਤੇ ਸੇਫਟੀ ਸਬੰਧੀ, ਇਸ ਦੀ ਵੰਡ ਆਦਿ ਲਈ ਵੀ ਮਾਪਦੰਡ ਤੈਅ ਕੀਤੇ ਜਾਣਗੇ। ਮਾਈਨਰਜ਼ ਨੂੰ ਮੈਰੀਜੁਆਨਾ ਵੇਚਣ ਵਾਲਿਆਂ ਨੂੰ ਸਜ਼ਾ ਦੇਣ ਲਈ ਨਵਾਂ ਕ੍ਰਿਮੀਨਲ ਕੋਡ ਓਫੈਂਸ ਵੀ ਕਾਇਮ ਕੀਤਾ ਜਾਵੇਗਾ।