ਓਟਵਾ, 17 ਜੂਨ : ਗ੍ਰੀਨ ਪਾਰਟੀ ਆਗੂ ਅਨੇਮੀ ਪਾਲ ਵੱਲੋਂ ਪਾਰਟੀ ਦੀ ਗਵਰਨਿੰਗ ਬੌਡੀ ਦੇ ਮੈਂਬਰਾਂ ਉੱਤੇ ਦੋਸ਼ ਲਾਏ ਗਏ ਹਨ ਕਿ ਪਾਰਟੀ ਦੇ ਅੰਦਰੂਨੀ ਨੀਤੀਗਤ ਵਿਵਾਦ ਦੇ ਚੱਲਦਿਆਂ ਉਸ ਨੂੰ ਨਸਲੀ ਤੇ ਲਿੰਗਵਾਦ ਦੇ ਆਧਾਰ ਉੱਤੇ ਪਾਰਟੀ ਦੀ ਲੀਡਰਸਿ਼ਪ ਤੋਂ ਹਟਾਉਣ ਦੀ ਕੋਸਿ਼ਸ਼ ਕੀਤੀ ਗਈ।
ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਦਿਨ ਪਹਿਲਾਂ ਹੋਈ ਪਾਰਟੀ ਮੈਂਬਰਾਂ ਦੀ ਹੰਗਾਮੀ ਮੀਟਿੰਗ ਬਾਰੇ ਪਾਲ ਨੇ ਆਖਿਆ ਕਿ ਫੈਡਰਲ ਕਾਊਂਸਲ ਦੇ ਕਈ ਮੌਜੂਦਾ ਮੈਂਬਰ ਤਾਂ ਤਬਦੀਲੀ ਤੇ ਵੰਨ-ਸੁਵੰਨਤਾ ਲਈ ਵਚਨਬੱਧ ਨਜ਼ਰ ਆਏ ਪਰ ਕਈ ਹੋਰ ਨਹੀਂ ਵੀ ਆਏ।ਉਨ੍ਹਾਂ ਆਖਿਆ ਕਿ ਕਾਊਂਸਲਰਜ਼ ਦੇ ਇੱਕ ਨਿੱਕੇ ਗਰੁੱਪ ਨੇ ਉਨ੍ਹਾਂ ਦੀ ਲੀਡਰਸਿ਼ਪ ਵਿੱਚ ਬੇਭਰੋਸਗੀ ਜਤਾਉਣ ਲਈ ਧੱਕੇ ਨਾਲ ਵੋਟ ਕਰਵਾਉਣ ਦਾ ਬੜਾ ਜ਼ੋਰ ਲਾਇਆ। ਜਿਨ੍ਹਾਂ ਮੈਂਬਰਾਂ ਦੀ ਉਹ ਨੁਮਾਇੰਦਗੀ ਕਰਦੇ ਹਨ ਇਸ ਬਾਬਤ ਉਨ੍ਹਾਂ ਨੇ ਉਨ੍ਹਾਂ ਨਾਲ ਵੀ ਸਲਾਹ ਮਸ਼ਵਰਾ ਨਹੀਂ ਸੀ ਕੀਤਾ ਹੋਇਆ। ਉਨ੍ਹਾਂ ਨੇ ਅਜਿਹੇ ਦੋਸ਼ ਲਾਏ ਜਿਹੜੇ ਬੇਹੱਦ ਨਸਲਵਾਦੀ ਤੇ ਲਿੰਗਵਾਦੀ ਸਨ। ਅਜਿਹੇ ਦੋਸ਼ਾਂ ਦਾ ਸਾਡੇ ਦੋਵਾਂ ਐਮਪੀਜ਼ ਵੱਲੋਂ ਫੌਰੀ ਵਿਰੋਧ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇਹ ਸਾਡੀ ਪਾਰਟੀ ਦੇ ਸਿਧਾਂਤਾਂ ਤੋਂ ਉਲਟ ਹਨ।
ਪਾਲ ਖਿਲਾਫ ਲਾਏ ਗਏ ਦੋਸ਼ਾਂ ਵਿੱਚ ਮੈਂਬਰਜ਼ ਵੱਲੋਂ ਇਹ ਆਖਿਆ ਗਿਆ ਸੀ ਕਿ ਪਾਰਟੀ ਲੀਡਰ ਵਜੋਂ ਉਹ ਖੁਦ ਨੂੰ ਸੱਭ ਤੋਂ ਉੱਚਾ ਮੰਨਦੀ ਹੈ, ਦੂਜਿਆ ਨੂੰ ਨੀਵਾਂ ਵਿਖਾਉਂਦੀ ਹੈ, ਉਹ ਫੈਡਰਲ ਕਾਊਂਸਲ ਦੀ ਸਰਗਰਮ, ਸਨਮਾਨਯੋਗ ਤੇ ਚੁਸਤ ਮੈਂਬਰ ਨਹੀਂ ਹੈ।ਇਸ ਤੋਂ ਇਲਾਵਾ ਉਹ ਕੰਮ ਕਰਨ ਦਾ ਸਾਂਝਾ ਮਾਹੌਲ ਬਣਾਉਣ, ਗੱਲਬਾਤ ਵਿੱਚ ਸਨਮਾਨਪੂਰਨ ਢੰਗ ਨਾਲ ਸ਼ਾਮਲ ਹੋਣ ਤੇ ਗੱਲਬਾਤ ਜਾਂ ਸਮਝੌਤਾ ਕਰਨ ਵਿੱਚ ਅਸਫਲ ਰਹੀ ਹੈ।ਇਸ ਤੋਂ ਇਲਾਵਾ ਕਈ ਹੋਰ ਦੋਸ਼ ਵੀ ਲਗਾਏ ਗਏ ਸਨ। ਪਾਲ ਨੇ ਆਖਿਆ ਕਿ ਉਨ੍ਹਾਂ ਦੀ ਇਸ ਤਰ੍ਹਾਂ ਦੀ ਯੋਜਨਾ ਸਫਲ ਨਹੀਂ ਹੋਈ।