ਵਾਸ਼ਿੰਗਟਨ , ਵ੍ਹਾਈਟ ਹਾਊਸ ਨੇ ਕਿਹਾ ਕਿ ਮੈਕਸੀਕੋ ਅਤੇ ਕੈਨੇਡਾ ਸਮੇਤ ਕੁਝ ਦੇਸ਼ਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਐਲੂਮੀਨੀਅਮ ਅਤੇ ਸਟੀਲ ‘ਤੇ ਲਾਈ ਗਈ ਇੰਪੋਰਟ ਡਿਊਟੀ ਤੋਂ ਰਾਸ਼ਟਰੀ ਸੁਰੱਖਿਆ ਦੇ ਆਧਾਰ ‘ਤੇ ਛੋਟ ਦਿੱਤੀ ਜਾ ਸਕਦੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਛੋਟ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਦੇ ਆਧਾਰ ‘ਤੇ ਦਿੱਤੀ ਜਾ ਸਕਦੀ ਹੈ। ਹਾਲਾਂਕਿ ਇਸ ਤੋਂ ਇਕ ਦਿਨ ਪਹਿਲਾਂ ਹੀ ਵਪਾਰਕ ਸਕੱਤਰ ਵਿਲਬਰ ਰੌਸ ਨੇ ਜ਼ੋਰ ਦਿੰਦੇ ਹੋਏ ਕਿਹਾ ਸੀ ਕਿ ਇਸ ‘ਚ ਕਿਸੇ ਖਾਸ ਦੇਸ਼ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਨੇ ਸਟੀਲ ‘ਤੇ 25 ਫੀਸਦੀ ਅਤੇ ਐਲੂਮੀਨੀਅਮ ‘ਤੇ 10 ਫੀਸਦੀ ਦੀ ਦਰ ਨਾਲ ਇੰਪੋਰਟ ਡਿਊਟੀ ਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਇਸ ਐਲਾਨ ਕਾਰਨ ਯੂਰਪੀ ਸੰਘ ਅਤੇ ਚੀਨ ਵਰਗੇ ਦੇਸ਼ਾਂ ਵਲੋਂ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ।
ਟਰੰਪ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਕਦਮ ਜ਼ਰੂਰੀ ਹਨ ਅਤੇ ਇਨ੍ਹਾਂ ਉਪਾਵਾਂ ਤੋਂ ਸਾਹਮਣੇ ਆਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਵਪਾਰ ਯੁੱਧ ਨਾਲ ਅਮਰੀਕਾ ਨਜਿੱਠਣ ‘ਚ ਸਮਰੱਥ ਹੈ, ਕਿਉਂਕਿ ਅਮਰੀਕਾ ਦਾ 800 ਅਰਬ ਡਾਲਰ ਦਾ ਵਪਾਰ ਘਾਟਾ ਹੈ। ਉੱਥੇ ਹੀ ਕੈਨੇਡਾ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੀ ਕੋਈ ਵੀ ਇੰਪੋਰਟ ਡਿਊਟੀ ਨੂੰ ਉਸ ਨੂੰ ਮਨਜ਼ੂਰ ਨਹੀਂ ਹੈ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਸ ਦੇ ਉੱਤਰੀ ਹਿੱਸੇ ਵਿਚ ਆਉਣ ਵਾਲੇ ਗੁਆਂਢੀਆਂ ਨੂੰ ਇਸ ਨਵੀਂ ਇੰਪੋਰਟ ਡਿਊਟੀ ਤੋਂ ਛੋਟ ਹੋਵੇਗੀ। ਇਸ ਬਾਰੇ ਸੋਚ ਵਿਚਾਰ ਕੀਤਾ ਜਾਵੇਗਾ ਕਿ ਇਸ ਵਿਚ ਰਾਸ਼ਟਰੀ ਸੁਰੱਖਿਆ ਛੋਟ ਨੂੰ ਲੈ ਕੇ ਵਿਚਾਰ ਕੀਤਾ ਗਿਆ ਹੈ ਜਾਂ ਨਹੀਂ।