ਮੁੰਬਈ, 15 ਜੂਨ

ਅਭਿਨੇਤਰੀ ਸਾਇਰਾ ਬਾਨੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਰਹੂਮ ਪਤੀ ਅਤੇ ਅਦਾਕਾਰ ਦਿਲੀਪ ਕੁਮਾਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਦੇਸ਼ ਦੇ ‘ਕੋਹਿਨੂਰ’ ਹਨ। ਸਾਇਰਾ ਨੇ ਬੀਤੀ ਸ਼ਾਮ ਭਾਰਤ ਰਤਨ ਡਾ. ਅੰਬੇਡਕਰ ਪੁਰਸਕਾਰ ਸਮਾਰੋਹ ‘ਚ ਸ਼ਿਰਕਤ ਕੀਤੀ, ਜਿੱਥੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਦਿਲੀਪ ਕੁਮਾਰ ਨੂੰ ਸਨਮਾਨਿਤ ਕੀਤਾ। ਦਿਲੀਪ ਕੁਮਾਰ ਦਾ ਪਿਛਲੇ ਸਾਲ 98 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਸਮਾਗਮ ਵਿੱਚ ਸ੍ਰੀ ਅਠਾਵਲੇ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਿੰਦੀ ਸਿਨੇਮਾ ਦੇ ਮਹਾਨ ਅਦਾਕਾਰ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਪ੍ਰਦਾਨ ਕਰਨ ਬਾਰੇ ਵਿਚਾਰ ਕਰਨ ਦੀ ਬੇਨਤੀ ਕਰਨਗੇ। ਇਸ ਬਾਰੇ ਪੁੱਛਣ ‘ਤੇ ਸਾਇਰਾ ਬਾਨੋ ਨੇ ਪੱਤਰਕਾਰਾਂ ਨੂੰ ਕਿਹਾ, ‘ਅਜਿਹਾ ਹੋਣਾ ਚਾਹੀਦਾ ਹੈ, ਕਿਉਂਕਿ ਦਿਲੀਪ ਸਾਹਿਬ ਸਾਡੇ ਦੇਸ਼ ਦੇ ਕੋਹਿਨੂਰ ਹਨ। ਇਸ ਲਈ ਕੋਹਿਨੂਰ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ।’