ਇਟੋਬੀਕੋ, ਸਾਬਕਾ ਸਿਟੀ ਕਾਉਂਸਲਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਹ ਜਲਦ ਹੀ ਇਸ ਸਬੰਧ ਵਿੱਚ ਐਲਾਨ ਕਰਨਗੇ ਕਿ ਉਹ ਮੇਅਰ ਦੇ ਅਹੁਦੇ ਲਈ ਚੋਣ ਲੜਨਗੇ ਜਾਂ ਫਿਰ ਐਮਪੀਪੀ ਲਈ। ਇਸ ਸਬੰਧ ਵਿੱਚ ਉਨ੍ਹਾਂ ਵੱਲੋਂ ਅਗਲੇ ਹਫਤੇ ਫੋਰਡ ਫੈਸਟ ਵਿੱਚ ਐਲਾਨ ਕੀਤਾ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਡੱਗ ਫੋਰਡ ਇਹ ਧੁਮਾਉਂਦੇ ਆ ਰਹੇ ਹਨ ਕਿ ਉਹ ਜਲਦ ਹੀ ਸਿਆਸਤ ਵਿੱਚ ਪਰਤਣਗੇ। 2014 ਵਿੱਚ ਫੋਰਡ ਮੇਅਰ ਜੌਹਨ ਟੋਰੀ ਹੱਥੋਂ ਹਾਰ ਚੁੱਕੇ ਹਨ ਤੇ ਉਨ੍ਹਾਂ ਮੰਗਲਵਾਰ ਸਵੇਰੇ ਇਹ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਸ ਬਾਰੇ ਉਹ 8 ਸਤੰਬਰ ਨੂੰ ਰਸਮੀ ਤੌਰ ਉੱਤੇ ਐਲਾਨ ਕਰਨਗੇ। ਜੂਨ ਵਿੱਚ ਫੋਰਡ ਨੇ ਇਹ ਵੀ ਆਖਿਆ ਸੀ ਕਿ 2018 ਵਿੱਚ ਮੇਅਰ ਦੇ ਅਹੁਦੇ ਲਈ ਖੜ੍ਹੇ ਹੋਣ ਵਾਸਤੇ ਉਨ੍ਹਾਂ ਨੇ ਮਾਹਿਰਾਂ ਦੀ ਇੱਕ ਪੂਰੀ ਟੀਮ ਤਿਆਰ ਕੀਤੀ ਹੈ।
ਫੋਰਡ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਸਮਰਥਨ ਹਾਸਲ ਹੈ ਤੇ ਉਹ ਟੈਕਸਦਾਤਾਵਾਂ ਲਈ ਬਿਹਤਰੀਨ ਟੀਮ ਤਿਆਰ ਕਰਨੀ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਲੋਕ ਹੁਣ ਅੱਕ ਚੁੱਕੇ ਹਨ। ਲੋਕ ਆਪਣੀ ਜੇਬ੍ਹ ਵਿੱਚ ਹੱਥ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਕਦੇ ਮਿਉਂਸਪਲ ਸਰਕਾਰ ਨੂੰ, ਕਦੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਤੇ ਕਦੇ ਫੈਡਰਲ ਸਰਕਾਰ ਨੂੰ ਟੈਕਸ ਦੇਣ ਲਈ ਜੇਬ੍ਹ ਖਾਲੀ ਕਰਨੀ ਪੈਂਦੀ ਹੈ। ਲੋਕ ਟੈਕਸ ਅਦਾ ਕਰਕੇ ਤੇ ਖਰਚਾ ਕਰ ਕਰਕੇ ਤੰਗ ਆ ਚੁੱਕੇ ਹਨ।
ਫੋਰਡ ਨੇ ਸ਼ਹਿਰ ਵਿੱਚ ਟਰੈਫਿਕ ਦੀ ਵੱਧ ਰਹੀ ਸਮੱਸਿਆ ਵੱਲ ਵੀ ਧਿਆਨ ਦਿਵਾਇਆ। ਉਨ੍ਹਾਂ ਆਖਿਆ ਕਿ ਟੋਰੀ ਵੱਲੋਂ ਇਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਟੈਕਸ ਘੱਟ ਰੱਖਣਗੇ ਤੇ ਟਰੈਫਿਕ ਦੀ ਸਮੱਸਿਆ ਨੂੰ ਵੀ ਘਟਾਉਣਗੇ। ਇਸ ਤੋਂ ਇਲਾਵਾ ਫੋਰਡ ਨੇ ਆਖਿਆ ਕਿ ਲੋਕ ਹਾਈਡਰੋ ਬਿੱਲਾਂ ਤੋਂ ਵੀ ਬਹੁਤ ਪਰੇਸ਼ਾਨ ਹਨ। ਉਨ੍ਹਾਂ ਆਖਿਆ ਕਿ ਟੋਰਾਂਟੋ ਦੇ ਸਾਬਕਾ ਮੇਅਰ ਮਰਹੂਮ ਰੌਬ ਫੋਰਡ ਦਾ ਭਰਾ ਹੋਣ ਨਾਤੇ ਉਹ 2010 ਤੋਂ 2014 ਤੱਕ ਇਟੋਬੀਕੋ ਦੇ ਵਾਰਡ ਨੰ. 2 ਤੋਂ ਕਾਉਂਸਲਰ ਵਜੋਂ ਸੇਵਾ ਨਿਭਾਅ ਚੁੱਕੇ ਹਨ।
ਸਥਾਨਕ ਸਿਆਸਤ ਨੂੰ ਅਲਵਿਦਾ ਆਖਣ ਤੋਂ ਬਾਅਦ ਡੱਗ ਫੋਰਡ ਓਨਟਾਰੀਓ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਵੀ ਹਾਸਲ ਕਰਨੀ ਚਾਹੁੰਦੇ ਸਨ, ਇਸ ਤੋਂ ਇਲਾਵਾ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਇਹ ਵੀ ਆਖਦੇ ਆ ਰਹੇ ਹਨ ਕਿ ਉਹ ਅਕਤੂਬਰ 2018 ਵਿੱਚ ਟੋਰੀ ਦੇ ਖਿਲਾਫ ਲੜਨ ਬਾਰੇ ਵੀ ਸੋਚ ਰਹੇ ਹਨ।