ਮਾਨਸਾ, 13 ਜੂਨ
ਸਿੱਧੂ ਮੂਸੇਵਾਲਾ ਦੇ ਕਤਲ ਸਬੰਧੀ ਚੱਲ ਰਹੀ ਜਾਂਚ ਦੌਰਾਨ ਹੁਣ ਪੰਜਾਬ ਪੁਲੀਸ ਅਤੇ ਦਿੱਲੀ ਪੁਲੀਸ ਦੀ ਜਾਂਚ ਤੇ ਦਾਅਵੇ ਵੀ ਵੱਖਰੇ-ਵੱਖਰੇ ਰੂਪ ਵਿੱਚ ਸਾਹਮਣੇ ਆਉਣ ਲੱਗੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪਹਿਲਾਂ 8 ਸਾਰਪ ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ, ਪਰ ਹੁਣ ਪੁਲੀਸ ਕਹਿ ਰਹੀ ਹੈ ਕਿ ਇਨ੍ਹਾਂ ਵਿੱਚੋਂ ਕਈ ਉਸ ਘਟਨਾ ਵਿੱਚ ਸ਼ਾਮਲ ਨਹੀਂ ਸਨ। ਦਿੱਲੀ ਪੁਲੀਸ ਜਿੱਥੇ 5 ਜਾਂ 6 ਸ਼ੂਟਰਾਂ ਦੀ ਗੱਲ ਕਹਿ ਰਹੀ ਹੈ, ਉਥੇ ਹੀ ਪੰਜਾਬ ਪੁਲੀਸ ਚਾਰ ਸ਼ੂਟਰ ਦੱਸ ਰਹੀ ਹੈ, ਜਦਕਿ ਸਹੀ ਗਿਣਤੀ ਦਾ ਹਾਲੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਹੈ। ਇਕ ਉੱਚ ਪੁਲੀਸ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ 8 ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਪੁਣੇ ਦੇ ਸਿਧੇਸ਼ ਹੀਰਾਮਨ ਕਾਂਬਲੇ ਉਰਫ਼ ਸੌਰਵ ਮਹਾਕਾਲ ਨੂੰ ਪੁਣੇ ਦੀ ਪੁਲੀਸ ਨੇ ਫੜਿਆ ਹੈ, ਪਰ ਹੁਣ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਮਹਾਕਾਲ, ਸਿੱਧੂ ਮੂਸੇਵਾਲਾ ਦਾ ਕਾਤਲ ਨਹੀਂ ਹੈ ਤੇ ਕਾਤਲਾਂ ਦਾ ਕਰੀਬੀ ਹੋ ਸਕਦਾ ਹੈ। ਉਧਰ ਬਠਿੰਡਾ ਪੁਲੀਸ ਨੇ ਹਰਕਮਲ ਰਾਣੂ ਨੂੰ ਹਿਰਾਸਤ ਵਿੱਚ ਲਿਆ ਹੈ, ਪਰ ਉਸ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਅਪਰਾਧੀ ਕਿਸਮ ਦਾ ਬੰਦਾ ਤਾਂ ਹੈ ਤੇ ਉਸ ’ਤੇ ਗਿਆਰਾਂ ਕੇਸ ਵੀ ਦਰਜ ਹਨ, ਪਰ ਸਿੱਧੂ ਦੇ ਕਤਲ ਵਿੱਚ ਉਹ ਸ਼ਾਮਲ ਨਹੀਂ ਲੱਗਦਾ। ਪੁਲੀਸ ਹਾਲੇ ਤੱਕ ਕਤਲ ਲਈ ਵਰਤੇ ਗਏ ਹਥਿਆਰਾਂ ਬਾਰੇ ਵੀ ਸਪੱਸ਼ਟ ਨਹੀਂ ਹੋ ਸਕੀ ਹੈ। ਸਿੱਧੂ ਮੂਸੇਵਾਲਾ ਦੇ ਸਰੀਰ ਉੱਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਸਨ, ਜਿਨ੍ਹਾਂ ਵਿੱਚੋਂ 7 ਗੋਲੀਆਂ ਉਸ ਦੇ ਸਰੀਰ ਅੰਦਰੋਂ ਮਿਲੀਆਂ ਸਨ। ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ 3 ਕਿਸਮ ਦੇ ਹਥਿਆਰ ਵਰਤੇ ਗਏ ਹਨ ਤੇ ਇਨ੍ਹਾਂ ਵਿੱਚੋਂ ਇੱਕ ਰੂਸੀ ਏਐਨ-94 ਹੋਣ ਦਾ ਵੀ ਦਾਅਵਾ ਸੀ, ਪਰ ਯਕੀਨ ਨਾਲ ਇਸ ਹਥਿਆਰ ਦੀ ਵਰਤੋਂ ਹੋਣ ਬਾਰੇ ਪੰਜਾਬ ਪੁਲੀਸ ਹਾਲੇ ਕੁਝ ਨਹੀਂ ਕਹਿ ਰਹੀ। ਪੁਲੀਸ ਅਫ਼ਸਰਾਂ ਦਾ ਕਹਿਣਾ ਹੈ ਕਿ ਸਬੂਤ ਲੈਬਾਰਟਰੀ ’ਚ ਭੇਜੇ ਗਏ ਹਨ ਤੇ ਰਿਪੋਰਟਾਂ ਆਉਣ ’ਤੇ ਹੀ ਅਸਲੀਅਤ ਪਤਾ ਲੱਗ ਸਕੇਗੀ। ਪੰਜਾਬ ਪੁਲੀਸ ਨੇ ਹੁਣ ਤੱਕ ਇਸ ਕੇਸ ਵਿੱਚ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਸੰਦੀਪ ਕੁਮਾਰ ਉਰਫ ਕੇਕੜਾ ਵੀ ਸ਼ਾਮਲ ਹੈ। ਉਹ ਹੁਣ ਪੁਲੀਸ ਰਿਮਾਂਡ ’ਤੇ ਹੈ। ਉਸ ਤੋਂ ਇਲਾਵਾ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਮੋਨੂੰ ਡਾਗਰ, ਪਵਨ, ਨਸੀਬ ਖ਼ਾਨ ਦਾ ਵੀ ਕੇਕੜਾ ਦੇ ਨਾਲ ਹੀ 15 ਜੂਨ ਤੱਕ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦਕਿ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਰਾਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਤੇ ਚਰਨਜੀਤ ਸਿੰਘ ਚੇਤਨ ਨੂੰ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਮਾਨਸਾ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਹਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।