ਮੁੰਬਈ, 9 ਅਕਤੂਬਰ

ਮੰਬਈ ਪੁਲੀਸ ਦੇ ਸਾਈਬਰ ਸੈੱਲ ਨੇ ‘ਫੋਨ ਟੈਪਿੰਗ ਅਤੇ ਅੰਕੜੇ ਲੀਕ’ ਹੋਣ ਦੇ ਮਾਮਲੇ ਵਿਚ ਅੱਜ ਮਹਾਰਾਸ਼ਟਰ ਦੇ ਸਾਬਕਾ ਪੁਲੀਸ ਕਮਿਸ਼ਨ ਤੇ ਕੇਂਦਰੀ ਜਾਂਚ ਬਿਊਰੋ ਦੇ ਨਿਰਦੇਸ਼ਕ ਸੁਬੋਧ ਜੈਸਵਾਲ ਨੂੰ ਸੰਮਨ ਭੇਜਿਆ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜੈਸਵਾਲ ਨੂੰ 14 ਅਕਤੂਬਰ ਨੂੰ ਹਾਜ਼ਰ ਹੋ ਕੇ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਇਹ ਮਾਮਲਾ ਭਾਰਤੀ ਪੁਲੀਸ ਸੇਵਾ ਦੀ ਅਧਿਕਾਰੀ ਰਸ਼ਮੀ ਸ਼ੁਕਲਾ ਵੱਲੋਂ ਤਿਆਰ ਕੀਤੀ ਗਈ ਇਕ ਰਿਪੋਰਟ ਲੀਕ ਹੋਣ ਨਾਲ ਸਬੰਧਤ ਹੈ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਜਦੋਂ ਸ਼ੁਕਲਾ ਮਹਾਰਾਸ਼ਟਰ ਪੁਲੀਸ ਦੇ ਖੁਫ਼ੀਆ ਵਿਭਾਗ ਦੀ ਮੁਖੀ ਸੀ ਤਾਂ ਪੁਲੀਸ ਅਧਿਕਾਰੀਆਂ ਦੇ ਤਬਾਦਲਿਆਂ ਵਿਚ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਹੋਇਆ ਸੀ। ਉਸ ਦੌਰਾਨ ਜੈਸਵਾਲ ਡੀਜੀਪੀ ਸਨ। ਦੋਸ਼ ਹੈ ਕਿ ਜਾਂਚ ਦੌਰਾਨ ਸੀਨੀਅਰ ਆਗੂਆਂ ਤੇ ਅਧਿਕਾਰੀਆਂ ਦੇ ਫੋਨ ਟੈਪ ਕੀਤੇ ਗਏ ਅਤੇ ਰਿਪੋਰਟ ਨੂੰ ਜਾਣਬੁੱਝ ਕੇ ਲੀਕ ਕੀਤਾ ਗਿਆ ਸੀ ਪਰ ਇਸ ਸਬੰਧੀ ਸਾਈਬਰ ਸੈੱਲ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿਚ ਸ਼ੁਕਲਾ ਜਾਂ ਕਿਸੇ ਹੋੋਰ ਅਧਿਕਾਰੀ ਦਾ ਨਾਂ ਨਹੀਂ ਹੈ।