ਐਸ.ਏ.ਐਸ. ਨਗਰ (ਮੁਹਾਲੀ), 20 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਗੰਨੇ ਦੀ ਬਕਾਇਆ ਰਕਮ ਅਤੇ ਹੋਰ ਮੰਗਾਂ ਲਈ ਮੁਹਾਲੀ ਵਿੱਚ ਸੋਮਵਾਰ ਨੂੰ ਸ਼ੁਰੂ ਕੀਤੇ ਲੜੀਵਾਰ ਧਰਨੇ ਦੀ ਅੱਜ ਦੂਜੀ ਸ਼ਾਮ ਨੂੰ ਪੁਲੀਸ ਨੇ ਸ੍ਰੀ ਲੱਖੋਵਾਲ ਸਮੇਤ ਸੈਂਕੜੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ, ਹਾਲਾਂਕਿ ਕਿਸਾਨਾਂ ਨੇ ਪੁਲੀਸ ਕਾਰਵਾਈ ਦਾ ਵਿਰੋਧ ਕਰਨ ਦਾ ਯਤਨ ਕੀਤਾ, ਪਰ ਖਾਕੀ ਅੱਗੇ ਕੋਈ ਵਾਹ ਨਾ ਚੱਲੀ।
ਪੰਜਾਬ ਦੇ ਏਡੀਜੀਪੀ (ਲਾਅ ਐਂਡ ਆਰਡਰ) ਹਰਦੀਪ ਸਿੰਘ, ਰੂਪਨਗਰ ਰੇਂਜ ਦੇ ਡੀਆਈਜੀ ਬਾਬੂ ਲਾਲ ਮੀਨਾ, ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਵਿੱਚ ਪੁਲੀਸ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣਾ ਧਰਨਾ ਚੁੱਕ ਲੈਣ, ਪਰ ਕਿਸਾਨ ਧਰਨੇ ’ਤੇ ਡਟੇ ਰਹੇ। ਇਸ ਮਗਰੋਂ ਪੁਲੀਸ ਨੇ ਸਖ਼ਤੀ ਵਰਤਦਿਆਂ ਧਰਨੇ ਵਾਲੀ ਥਾਂ ’ਤੇ ਕਿਸਾਨਾਂ ਨੂੰ ਘੇਰਾ ਪਾ ਲਿਆ ਅਤੇ ਜਬਰੀ ਬੱਸਾਂ ਵਿੱਚ ਬਿਠਾ ਕੇ ਮੁਹਾਲੀ ਸ਼ਹਿਰ ਤੋਂ ਬਾਹਰ ਰਵਾਨਾ ਹੋ ਗਏ। ਪੁਲੀਸ ਕਿਸਾਨਾਂ ਨੂੰ ਅਣਦੱਸੀ ਥਾਂ ਲੈ ਗਈ ਤੇ ਧਰਨੇ ਵਾਲੀ ਥਾਂ ’ਤੇ ਆਪਣੇ ਮੁਲਾਜ਼ਮਾਂ ਦਾ ਪਹਿਰਾ ਲਾ ਦਿੱਤਾ।
ਇਸ ਤੋਂ ਪਹਿਲਾਂ ਕਿਸਾਨਾਂ ਨੇ ਸ੍ਰੀ ਲੱਖੋਵਾਲ ਦੀ ਅਗਵਾਈ ਹੇਠ ਇੱਥੇ ਵਾਈਪੀਐਸ ਚੌਕ ਦੇ ਆਲੇ-ਦੁਆਲੇ ਸੜਕ ’ਤੇ ਆਲੂ ਸੁੱਟ ਕੇ ਕੈਪਟਨ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ, ਜਿਸ ਕਾਰਨ ਚੌਕ ਤੋਂ ਲੰਘਣ ਵੇਲੇ ਵਾਹਨ ਚਾਲਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਦੋ ਪਹੀਆ ਵਾਹਨ ਚਾਲਕ ਤਿਲਕ ਕੇ ਸੜਕ ’ਤੇ ਡਿੱਗ ਗਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਸ ਮਗਰੋਂ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਅਤੇ ਸੰਯੁਕਤ ਕਮਿਸ਼ਨਰ ਅਵਨੀਤ ਕੌਰ ਨੇ ਸਫ਼ਾਈ ਕਰਮਚਾਰੀਆਂ ਨੂੰ ਮੌਕੇ ’ਤੇ ਭੇਜ ਕੇ ਸੜਕ ’ਤੇ ਸੁੱਟੇ ਆਲੂਆਂ ਨੂੰ ਚੁੱਕ ਕੇ ਸੜਕ ਸਾਫ਼ ਕਰਵਾਈ। ਇਸ ਮੌਕੇ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ, ਸੀਨੀਅਰ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਘੜੂੰਆਂ ਤੇ ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ ਨੇ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਕਿਸਾਨਾਂ ਦੀ ਆਵਾਜ਼ ਨੂੰ ਦੱਬ ਰਹੀ ਹੈ। ਕਿਸਾਨਾਂ ਨੇ ਕੱਲ੍ਹ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਹੋਈ ਮੀਟਿੰਗ ਨੂੰ ਬੇਸਿੱਟਾ ਦੱਸਿਆ ਤੇ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਕਮ ਦੇਣ ਲਈ 20 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਨਹੀਂ ਕਰਦੀ, ਉਦੋਂ ਤੱਕ ਸਰਕਾਰ ਦੀ ਕਿਸੇ ਗੱਲ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।     ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੇ ਮੀਤ ਪ੍ਰਧਾਨ ਅਵਤਾਰ ਸਿੰਘ ਮੇਹਲੋਂ ਵੀ ਹਾਜ਼ਰ ਸਨ।