ਵਾਸ਼ਿੰਗਟਨ, 22 ਦਸੰਬਰ
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਮੁਸ਼ਕਿਲ ਹਾਲਾਤ ਦੇ ਬਾਵਜੂਦ ਯੂਕਰੇਨ ਅਜੇ ਖੜ੍ਹਾ ਹੈ। ਉਹ ਰੂਸ ਨਾਲ ਚੱਲ ਰਹੀ ਜੰਗ ਦਰਮਿਆਨ ਦੁਸ਼ਮਣ ਦੇਸ਼ ਨਾਲ ਲੜਨ ਵਾਸਤੇ ਸਹਿਯੋਗ ਦੇਣ ਲਈ ਅਮਰੀਕੀ ਆਗੂਆਂ ਤੇ ਆਮ ਅਮਰੀਕੀਆਂ ਦਾ ਧੰਨਵਾਦ ਕਰਨ ਲਈ ਵਾਸ਼ਿੰਗਟਨ ਦੌਰੇ ’ਤੇ ਆਏ ਸਨ। ਉਨ੍ਹਾਂ ਵਾਅਦਾ ਕੀਤਾ ਕਿ ਜੰਗ ਖ਼ਤਮ ਕਰਨ ਲਈ ‘ਕੋਈ ਸਮਝੌਤਾ’ ਨਹੀਂ ਕੀਤਾ ਜਾਵੇਗਾ। ਰਾਸ਼ਟਰਪਤੀ ਜੋਅ ਬਾਇਡਨ ਤੇ ਅਮਰੀਕੀ ਸੰਸਦ ਵੱਲੋਂ ਯੂਕਰੇਨ ਨੂੰ ਹੋਰ ਅਰਬਾਂ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਸ਼ਾਂਤੀ ਲਈ ਯੂਕਰੇਨ ਦੀ ਮਦਦ ਕਰਨ ਦਾ ਵਾਅਦਾ ਕੀਤਾ ਗਿਆ ਹੈ। ਯੂ.ਐੱਸ. ਕੈਪੀਟਲ ਵਿੱਚ ਸੰਬੋਧਨ ਦੌਰਾਨ ਜ਼ੈਲੇਂਸਕੀ ਨੇ ਕਿਹਾ ਕਿ ਯੂਕਰੇਨ ਕਦੇ ਆਤਮ-ਸਮਰਪਣ ਨਹੀਂ ਕਰੇਗਾ। ਉਨ੍ਹਾਂ ਕਿਹਾ, ‘‘ਜੰਗ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।’’ ਇਸ ’ਤੇ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਤਾੜੀਆਂ ਮਾਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬਾਇਡਨ ਵੱਲੋਂ ਜ਼ੈਲੇਂਸਕੀ ਦਾ ਓਵਲ ਦਫ਼ਤਰ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਬਾਇਡਨ ਨੇ ਕਿਹਾ ਕਿ ਅਮਰੀਕਾ ਤੇ ਯੂਕਰੇਨ ਰੱਖਿਆ ਦੇ ਖੇਤਰ ਵਿੱਚ ਇਕਜੁੱਟਤਾ ਦਿਖਾਉਣੀ ਜਾਰੀ ਰੱਖਣਗੇ, ਕਿਉਂਕਿ ਰੂਸ ਨੇ ਇਕ ਰਾਸ਼ਟਰ ਦੇ ਰੂਪ ਵਿੱਚ ਯੂਕਰੇਨ ਦੀ ਹੋਂਦ ਦੇ ਅਧਿਕਾਰ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਹੈ।
ਲੰਘੇ ਫਰਵਰੀ ਮਹੀਨੇ ਵਿੱਚ ਰੂਸ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਜ਼ੈਲੇਂਸਕੀ ਦਾ ਇਹ ਪਹਿਲਾ ਵਿਦੇਸ਼ ਦੌਰਾ ਹੈ। ਉਨ੍ਹਾਂ ਕਿਹਾ, ‘‘ਮੈਂ ਪਹਿਲਾਂ ਆਉਣਾ ਚਾਹੁੰਦਾ ਸੀ ਤੇ ਇਸ ਵੇਲੇ ਮੇਰੇ ਇਸ ਦੌਰੇ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਸਹਿਯੋਗ ਨਾਲ ਹੁਣ ਹਾਲਾਤ ਕਾਬੂ ਹੇਠ ਹਨ।’’ ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਕਿ ਯੂਕਰੇਨ ਜੰਗ ਖ਼ਤਮ ਕਿਵੇਂ ਕਰੇਗਾ ਦੇ ਜਵਾਬ ’ਚ ਜ਼ੈਲੇਂਸਕੀ ਨੇ ਕਿਹਾ ਕਿ ਉਨ੍ਹਾਂ ਲਈ ਇਕ ਰਾਸ਼ਟਰਪਤੀ ਵਜੋਂ ਨਿਆਂਪੂਰਨ ਸ਼ਾਂਤੀ ਜ਼ਰੂਰੀ ਹੈ, ਜਿਸ ਵਾਸਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਵਾਰ ਯੂਕਰੇਨ ਦੀ ਪ੍ਰਭੂਸੱਤਾ, ਆਜ਼ਾਦੀ ਤੇ ਖੇਤਰੀ ਅਖੰਡਤਾ ਬਹਾਲ ਹੋਣ ਦੇ ਨਾਲ-ਨਾਲ ਰੂਸ ਦੇ ਹਮਲੇ ਨਾਲ ਹੋਏ ਨੁਕਸਾਨ ਦੀ ਭਰਪਾਈ ਤੋਂ ਬਾਅਦ ਹੀ ਜੰਗ ਸਮਾਪਤ ਹੋਵੇਗੀ। ਉਪਰੰਤ ਇਕ ਸਾਂਝੀ ਨਿਊਜ਼ ਕਾਨਫਰੰਸ ਦੌਰਾਨ ਬਾਇਡਨ ਨੇ ਕਿਹਾ, ‘‘ਰੂਸ ਸਰਦੀਆਂ ਨੂੰ ਇਕ ਹਥਿਆਰ ਵਜੋਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਯੂਕਰੇਨ ਦੇ ਲੋਕ ਦੁਨੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਕਿਹਾ, ‘‘ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਜੰਗ ਰੋਕਣ ਦਾ ਕੋਈ ਇਰਾਦਾ ਨਹੀਂ ਹੈ।’’ ਉਧਰ, ਜ਼ੈਲੇਂਸਕੀ ਨੇ ਕਿਹਾ ਕਿ ਉਹ ਬਾਇਡਨ ਤੇ ਹੋਰ ਪੱਛਮੀ ਆਗੂਆਂ ਕੋਲੋਂ ਹੋਰ ਸਹਿਯੋਗ ਦੀ ਆਸ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਬਾਇਡਨ ਨੂੰ ਸੰਕੇਤ ਦਿੰਦੇ ਰਹਿਣਗੇ ਕਿ ਉਨ੍ਹਾਂ ਨੂੰ ਹੋਰ ਮਿਜ਼ਾਈਲ ਪ੍ਰਣਾਲੀ ਦੀ ਲੋੜ ਹੈ।