ਮੁਹਾਲੀ, 6 ਅਪਰੈਲ
ਪੀਟੀਸੀ ਟੀਵੀ ਵੱਲੋਂ ਕਰਵਾਏ ਜਾ ਰਹੇ ਮਿਸ ਪੰਜਾਬਣ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਲੜਕੀ ਨੂੰ ਬੰਦੀ ਬਣਾਉਣ ਦੇ ਦੋਸ਼ਾਂ ਅਤੇ ਸ਼ੋਅ ਵਿੱਚ ਹਿੱਸਾ ਲੈ ਰਹੀਆਂ ਲੜਕੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਨਾਮਜ਼ਦ ਨੈਨਸੀ ਘੁੰਮਣ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ। ਮੁਹਾਲੀ ਅਦਾਲਤ ਨੇ ਪਿਛਲੇ ਦਿਨੀਂ ਉਸ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਦੌਰਾਨ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਨੇ ਨਿੱਜੀ ਚੈਨਲ ਦੇ ਐੱਮਡੀ ਰਵਿੰਦਰ ਨਾਰਾਇਣ ਨੂੰ ਅੱਜ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੂੰ ਬਾਅਦ ਦੁਪਹਿਰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀਟੀਸੀ ਨੈੱਟਵਰਕ ਦੇ ਬੁਲਾਰੇ ਨੇ ਕਿਹਾ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ। ਇਸ ਮਾਮਲੇ ਵਿੱਚ ਬਣਾਈ ਐੱਸਆਈਟੀ ਪਹਿਲਾਂ ਹੀ ਐੱਮਡੀ ਰਬਿੰਦਰ ਨਾਰਾਇਣ ਦੇ ਬਿਆਨ ਦਰਜ ਕਰ ਚੁੱਕੀ ਹੈ। ਉਨ੍ਹਾਂ ਨੇ ਜਾਂਚ ਵਿੱਚ ਸਹਿਯੋਗ ਦਿੱਤਾ ਹੈ। ਮੁੱਖ ਮੁਲਜ਼ਮ ਨੈਨਸੀ ਘੁੰਮਣ ਅਤੇ ਭੁਪਿੰਦਰ ਸਿੰਘ ਦਾ ਪੀਟੀਸੀ ਨੈੱਟਵਰਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।